ਪਟਿਆਲਾ, 17 ਅਗਸਤ 2021
ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਸ੍ਰੀਮਤੀ ਚੰਦਨਦੀਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਸ਼ਾਰਟਹੈਂਡ ਜਨਰਲ ਸ਼੍ਰੇਣੀ/ਤੇਜ਼ ਗਤੀ ਸ਼੍ਰੇਣੀ ਅਤੇ ਅਧਿਐਨ ਤੇ ਅਧਿਆਪਨ ਸ਼੍ਰੇਣੀਆਂ ਦੇ ਕੋਰਸ ਲਈ ਸੈਸ਼ਨ 2021-22 ਦੇ ਦਾਖਲੇ ਦੀ ਪ੍ਰੀਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਤੋ ਦਸਤੀ ਫਾਰਮ ਸਵੇਰੇ 9.00 ਵਜੇ ਤੋਂ ਦੁਪਹਿਰ 01.00 ਵਜੇ ਤੱਕ ਲੈ ਸਕਦੇ ਹਨ ਅਤੇ ਫਾਰਮ ਭਰਨ ਦੀ ਆਖਰੀ ਮਿਤੀ 27 ਅਗਸਤ, 2021 ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਕੋਰਸ ਲਈ ਯੋਗਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਇਸ ਕੋਰਸ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ। ਪੰਜਾਬੀ ਸ਼ਾਰਟਹੈਂਡ ਸ਼੍ਰੇਣੀ ਲਈ ਕੋਈ ਟੈਸਟ ਪਾਸ ਕਰਨਾ ਲਾਜ਼ਮੀ ਨਹੀਂ ਹੋਵੇਗਾ ਪਰੰਤੂ ਸ਼ਾਰਟਹੈਂਡ ਤੇਜ਼ਗਤੀ/ਅਧਿਐਨ ਤੇ ਅਧਿਆਪਨ ਸ਼੍ਰੇਣੀ ਵਿਚ ਦਾਖਲੇ ਲਈ ਉਮੀਦਵਾਰ ਨੂੰ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਪੰਜਾਬੀ ਸ਼ਾਰਟਹੈਂਡ ਦਾ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਤੇਜ਼ ਗਤੀ ਸ਼੍ਰੇਣੀ ਅਤੇ ਅਧਿਐਨ ਤੇ ਅਧਿਆਪਨ ਸ਼੍ਰੇਣੀ ਲਈ ਪੰਜਾਬੀ ਸ਼ਾਰਟਹੈਂਡ ਟੈਸਟ ਮਿਤੀ 1 ਸਤੰਬਰ 2021 ਨੂੰ ਸਵੇਰੇ 9 ਵਜੇ ਲਿਆ ਜਾਵੇਗਾ। ਸ੍ਰੀਮਤੀ ਚੰਦਨਦੀਪ ਕੌਰ ਨੇ ਦੱਸਿਆ ਕਿ ਉਮੀਦਵਾਰ ਵਲੋਂ ਦਸਵੀਂ ਪੱਧਰ ਦੀ ਪੰਜਾਬੀ ਲਾਜ਼ਮੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਅਤੇ ਪਟਿਆਲਾ ਜ਼ਿਲ੍ਹੇ ਦਾ ਵਾਸੀ ਹੋਵੇ ਤੇ ਇਸ ਕੋਰਸ ਦਾ ਸਮਾਂ ਇਕ ਸਾਲ ਦਾ ਹੋਵੇਗਾ।