ਮਗਨਰੇਗਾ ਸਕੀਮ ਵਿੱਚ 100 ਦਿਨ ਦੇ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਟੀਚੇ ਕੀਤਾ ਜਾਵੇ ਪੂਰਾ: ਵਧੀਕ ਡਿਪਟੀ ਕਮਿਸ਼ਨਰ
ਐਸ.ਏ.ਐਸ. ਨਗਰ 25 ਅਗਸਤ 2021
ਜ਼ਿਲ੍ਹੇ ਵਿੱਚ ਮਗਨਰੇਗਾ ਅਧੀਨ ਆਉਂਦੇ ਕਾਰਜਾਂ ਵਿੱਚ ਸੁਧਾਰ ਲਿਆਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਵੱਖ-ਵੱਖ ਵਿਭਾਗ ਜਿਵੇਂ ਵਣ ਵਿਭਾਗ, ਪੀ.ਡਬਲੀਊ.ਡੀ, ਮੰਡੀ ਬੋਰਡ, ਮੰਡਲ ਭੂਮੀ ਰੱਖਿਆ ਅਤੇ ਪੰਚਾਇਤੀ ਰਾਜ ਦੇ ਵਿਭਾਗ ਨਾਲ ਮੀਟਿੰਗ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਉਨ੍ਹਾਂ ਵੱਲੋ ਆਪਣੇ ਵਿਭਾਗ ਅਧੀਨ ਸਾਰੇ ਕੰਮ ਮਗਨਰੇਗਾ ਦੇ ਮਜ਼ਦੂਰਾਂ ਵੱਲੋਂ ਕਰਵਾਏ ਜਾਣ ਤਾਂ ਜੋ ਮਗਨਰੇਗਾ ਸਕੀਮ ਵਿੱਚ 100 ਦਿਨ ਦੇ ਰੋਜ਼ਗਾਰ ਮੁਹੱਈਆ ਕਰਵਾਉਣ ਵਾਲੇ ਸਰਕਾਰ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇ ਕਿਸੇ ਵੀ ਵਿਭਾਗ ਨੂੰ ਕੋਈ ਦਿੱਕਤ ਜਾਂ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਬਲਾਕ ਪੱਧਰ ਉਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸਾਹਿਬਾਨ ਨਾਲ ਉਸੇ ਵੇਲੇ ਸੰਪਰਕ ਕੀਤਾ ਜਾਵੇ। ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਸਮੇਤ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਮਗਨਰੇਗਾ ਸਬੰਧੀ ਆਪਣੀਆਂ ਮੁਸ਼ਕਲਾਂ ਬਾਰੇ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਦੱਸਿਆ ਗਿਆ। ਇਸ ਮਗਰੋਂ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿਵਾਇਆ ਗਿਆ ਅਤੇ ਕਿਹਾ ਕਿ ਸਮੂਹ ਵਿਭਾਗ ਆਪਸੀ ਤਾਲਮੇਲ ਬਣਾਉਣ ਅਤੇ ਇਕ ਦੂਜੇ ਨੂੰ ਸਹਿਯੋਗ ਕਰਨ ਤਾਂ ਜੋ ਮੁਸ਼ਕਲਾਂ ਦਾ ਨਿਬੇੜਾ ਆਸਾਨੀ ਨਾਲ ਹੋ ਸਕੇ।