*ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨੇਮ
ਬਰਨਾਲਾ, 30 ਸਤੰਬਰ
ਜ਼ਿਲ੍ਹਾ ਬਰਨਾਲਾ ਵਿਚ ਲੋਕਾਂ ਦੀ ਸਿਹਤ ਸੁਰੱਖਿਆ ਲਈ ਸਿਹਤ ਅਮਲਾ ਦਿਨ-ਰਾਤ ਸੇਵਾਵਾਂ ਨਿਭਾਅ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਿਹਤਯਾਬੀ ਲਈ ਖਾਣ ਦੀਆਂ ਚੰਗੀਆਂ ਆਦਤਾਂ ਬਾਰੇ ਅਤੇ ਲੋੜੀਂਦੀਆਂ ਗੱਲਾਂ ਦਾ ਧਿਆਨ ਰੱਖਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਸਿਹਤ ਅਮਲੇ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੀਆਂ ਮਿਠਾਈ ਦੀਆਂ ਦੁਕਾਨਾਂ ਨਾਲ ਸਬੰਧਤ ਫੂਡ ਬਿਜ਼ਨਸ ਆਪਰੇਟਰਾਂ ਨੂੰੰ ਉਨ੍ਹਾਂ ਦੁਆਰਾ ਤਿਆਰ ਕੀਤੀ ਜਾਣ ਵਾਲੀ ਮਿਠਾਈ ਕਦੋਂ ਤੱਕ ਖਾਣ ਯੋਗ ਹੈ, ਦੀ ਮਿਤੀ ਦਰਸਾਉਣੀ ਲਾਜ਼ਮੀ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਬਰਨਾਲਾ ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਹੁਕਮ ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਮਿਠਾਈ ਬਣਾਉਣ ਵਾਲੇ ਦੁਕਾਨਦਾਰਾਂ ਵੱਲੋਂ ਖੁੱਲੀ/ਨਾਨ ਪੈਕੇਡ ਮਿਠਾਈ, ਜੋ ਕਿ ਟਰੇਆਂ ਵਿੱਚ ਰੱਖੀ ਜਾਂਦੀ ਹੈ ਬਾਰੇ ‘ਬੈਸਟ ਬਿਫੋਰ ਯੂਜ਼’ ਮਿਤੀ ਲਿਖਣਾ ਜ਼ਰੂਰੀ ਹੋਵੇਗਾ।
ਉਨ੍ਹਾਂ ਕਿਹਾ ਕਿ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਦੀ ਅੰਦਾਜ਼ਨ ‘ਸੈਲਫ ਲਾਇਫ’ ਵਿਭਾਗ ਦੀ ਵੈਬਸਾਈਟ www.fssai.gov.in ਉੱਪਰ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਖੁੱਲ੍ਹੀ ਮਿਠਾਈ ਦੀ ਵਰਤੋਂ ਯੋਗ ਮਿਤੀ ਅਤੇ ਬਣਾਉਣ ਦੀ ਮਿਤੀ ਦਰਸਾਉਣ ਦਾ ਮਕਸਦ ਸਿਰਫ ਲੋਕਾਂ ਦੀ ਸਿਹਤ ਸੁਰੱਖਿਆ ਹੈ ਤਾਂ ਜੋ ਉਨ੍ਹਾਂ ਨੂੰ ਇਹ ਪਤਾ ਲੱਗ ਸਕੇ ਕਿ ਜਿਹੜੀ ਮਿਠਾਈ ਉਹ ਖਰੀਦ ਰਹੇ ਹਨ, ਉਹ ਕਿਸ ਮਿਤੀ ਤੱਕ ਵਰਤਣ ਯੋਗ ਹੈ। ਉਨ੍ਹਾਂ ਦੱਸਿਆ ਕਿ ਮਿਠਾਈ ਵਿੱਚ ਕੁਝ ਸਮੇਂ ਬਾਅਦ ਫੰਗਸ, ਬੈਕਟੀਰੀਆ ਆਦਿ ਪੈਦਾ ਹੋ ਜਾਂਦੇ ਹਨ ਜੋ ਕਿ ਮਿਠਾਈ ਨੂੰ ਖਰਾਬ ਕਰ ਦਿੰਦੇ ਹਨ, ਜਿਸ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਪੈਂਦਾ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਬਰਨਾਲਾ ਨੇ ਸਬੰਧਤ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ।