ਮਨੁੱਖੀ ਜ਼ਿੰਦਗੀ ਲਈ ਘਾਤਕ ਹੈ ਤੰਬਾਕੂ ਦਾ ਸੇਵਨ : ਡਾ. ਗੀਤਾਂਜਲੀ ਸਿੰਘ

ਦਿਲ ਦੇ ਦੌਰੇ ਨਾਲ ਹੋਣ ਵਾਲੀਆਂ 12 ਫੀਸਦੀ ਮੌਤਾਂ ਦਾ ਮੁੱਖ ਕਾਰਨ ਤੰਬਾਕੂ
ਸਬਸਿਡਰੀ ਸਿਹਤ ਕੇਂਦਰ ਵਿਖੇ ਮਨਾਇਆ ਗਿਆ ਵਿਸ਼ਵ ਤੰਬਾਕੂ ਰਹਿਤ ਦਿਵਸ’
ਨਵਾਂਸ਼ਹਿਰ, 31 ਮਈ 2021 ਮਾਣਯੋਗ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਬਸਿਡਰੀ ਸਿਹਤ ਕੇਂਦਰ, ਉਸਮਾਨਪੁਰ ਵਿਖੇ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਸਾਲ ਵਿਸ਼ਵ ਤੰਬਾਕੂ ਰਹਿਤ ਦਿਵਸ-2021 ਦਾ ਥੀਮ ‘ਤੰਬਾਕੂ ਛੱਡਣ ਦਾ ਵਾਅਦਾ ਕਰੋ’ ਹੈ।
ਇਸ ਵਾਰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਸਮੇਂ ਸਮਾਜਿਕ ਦੂਰੀ ਦਾ ਵਿਸ਼ੇਸ਼ ਤੌਰ ਉੱਤੇ ਧਿਆਨ ਰੱਖਿਆ ਗਿਆ ਅਤੇ ਨਾਲ ਹੀ ਲੋਕਾਂ ਨੂੰ ਮਾਸਕ ਪਾਉਣਾ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ ਗਈ।
ਇਸ ਮੌਕੇ ਸਿਹਤ ਬਲਾਕ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ਇਸ ਦਿਨ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਵਿਚ ਤੰਬਾਕੂ ਦੀ ਵਰਤੋਂ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਲਿਆ ਕੇ ਤੰਬਾਕੂ ਦੀ ਹਰ ਤਰ੍ਹਾਂ ਦੀ ਖਪਤ ਨੂੰ ਘਟਾਉਣਾ ਤੇ ਰੋਕਣਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤੰਬਾਕੂ ਦਾ ਸੇਵਨ ਮਨੁੱਖੀ ਜ਼ਿੰਦਗੀ ਲਈ ਘਾਤਕ ਹੈ ਅਤੇ ਇਸ ਨਾਲ ਰੋਜ਼ਾਨਾ 2200 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਕੈਂਸਰ ਸਮੇਤ ਕਈ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਡਾ. ਸਿੰਘ ਨੇ ਦੱਸਿਆ ਕਿ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ 12 ਫੀਸਦੀ ਮੌਤਾਂ ਦਾ ਮੁੱਖ ਕਾਰਨ ਵੀ ਤੰਬਾਕੂਨੋਸ਼ੀ ਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਤੱਕ 2.5 ਫ਼ੀਸਦੀ ਤੱਕ ਤੰਬਾਕੂ ਦੀ ਵਰਤੋਂ ਘੱਟ ਕਰਕੇ ਲਗਪਗ 10 ਕਰੋੜ ਲੋਕਾਂ ਨੂੰ ਅਣਿਆਈ ਮੌਤ ਤੋਂ ਬਚਾਇਆ ਜਾ ਸਕਦਾ ਹੈ ਪਰ ਇਹ ਤਦ ਹੀ ਸੰਭਵ ਹੈ ਜੇ ਤੰਬਾਕੂ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਆਮ ਲੋਕਾਂ ਨੂੰ ਚੇਤੰਨ ਕੀਤਾ ਜਾਵੇ।
ਇਸ ਮੌਕੇ ਰੂਰਲ ਮੈਡੀਕਲ ਅਫਸਰ ਡਾ. ਰਣਜੀਤ ਹਰੀਸ਼ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਤੰਬਾਕੂ ਦਾ ਸੇਵਨ 2 ਤਰ੍ਹਾਂ ਕੀਤਾ ਜਾਂਦਾ ਹੈ। ਇੱਕ ਚਵਾ ਕੇ ਜਿਵੇਂ ਜਰਦਾ, ਗੁਟਕਾ ਪਾਨ ਆਦਿ। ਇਨ੍ਹਾਂ ਦੇ ਸੇਵਨ ਨਾਲ ਮੂੰਹ ਦਾ ਕੈਂਸਰ ਹੁੰਦਾ ਹੈ। ਦੂਜਾ ਸਿਗਰਟ ਬੀੜੀ ਪੀਣ ਨਾਲ ਫੇਫੜਿਆ ਦਾ ਕੈਂਸਰ ਹੁੰਦਾ ਹੈ। ਇਸ ਦੇ ਜਹਿਰੀਲੇ ਅੰਸ਼ ਦਿਲ, ਦਿਮਾਗ ਗੁਰਦੇ, ਮਿਹਦਾ, ਸਾਹ ਪ੍ਰਣਾਲੀ ਤੇ ਪ੍ਰਜਣਨ ਪ੍ਰਣਾਲੀ ਤੇ ਬੁਰਾ ਅਸਰ ਪਾਉਂਦੇ ਹਨ। ਨੀਕੋਟੀਨ ਨਾਈਟਰੋਜਨ ਯੋਗਿਕਾ ਨੂੰ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕ ਐਲਾਨਿਆ ਗਿਆ ਹੈ।
ਇਸੇ ਦੌਰਾਨ ਬਲਾਕ ਐਜੂਕੇਟਰ ਸ. ਮਨਿੰਦਰ ਸਿੰਘ ਨੇ ਕਿਹਾ ਕਿ ਸਿਗਰਟ ਪੀਣ ਵਾਲੇ ਤੋਂ ਜ਼ਿਆਦਾ ਉਸ ਦੇ ਨੇੜੇ ਬੈਠੇ ਲੋਕਾਂ ਦੀ ਸਿਹਤ ਜਿਆਦਾ ਮਾੜਾ ਪ੍ਰਭਾਵ ਪੈਦਾ ਹੈ। ਇਸ ਨੂੰ ਛੱਡਣ ਲਈ ਬਹੁਤ ਹੀ ਧੀਰਜ ਅਤੇ ਆਤਮ ਵਿਸ਼ਵਾਸ਼ ਦੀ ਜ਼ਰੂਰਤ ਹੁੰਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।