1 ਤੋਂ 30 ਜੂਨ ਤੱਕ ਚਲਾਏ ਜਾ ਰਹੇ ਯੋਗਾ ਜਾਗਰੂਕਤਾ ਪ੍ਰੋਗਰਾਮ ‘ਚ 20 ਦੇਸ਼ਾਂ ਦੇ 9 ਹਜ਼ਾਰ ਤੋਂ ਵੱਧ ਲੋਕ ਲੈ ਰਹੇ ਨੇ ਹਿੱਸਾ
15 ਤੋਂ 21 ਜੂਨ ਤੱਕ ਵਿਦਿਆਰਥੀਆਂ ਲਈ ਲਗਾਈਆਂ ਯੋਗਾ ਦੀਆਂ ਆਨ ਕਲਾਸਾਂ
ਪਟਿਆਲਾ, 21 ਜੂਨ 2021
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਵੱਲੋਂ ਸੱਤਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਤਹਿਤ 1 ਤੋਂ 30 ਜੂਨ ਤੱਕ ਯੋਗਾ ਸਬੰਧੀ ਜਾਗਰੂਕਤਾ ਅਤੇ ਪ੍ਰੈਕਟਿਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ 15 ਤੋਂ 21 ਜੂਨ ਤੱਕ ਯੂਨੀਵਰਸਿਟੀ ਦੇ ਯੋਗਾ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਆਨ ਲਾਈਨ ਕਲਾਸਾਂ ਲਗਾਈਆਂ ਗਈਆਂ ਹਨ।
ਉਪ ਕੁਲਪਤੀ ਲੈਫ. ਜਨਰਲ (ਸੇਵਾ ਮੁਕਤ) ਜੇ. ਐਸ. ਚੀਮਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਕੌਮਾਂਤਰੀ ਯੋਗਾ ਦਿਵਸ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਆਨ ਲਾਈਨ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ‘ਚ ਯੋਗਾ ਨਾਲ ਸਬੰਧੀ ਦੋ ਕੋਰਸ ਚੱਲ ਰਹੇ ਹਨ ਜਿਸ ‘ਚ ਐਮ.ਐਸ.ਸੀ. ਯੋਗਾ (ਦੋ ਸਾਲਾ ਕੋਰਸ) ਅਤੇ ਪੋਸਟ ਗਰੈਜੂਏਸ਼ਨ ਡਿਪਲੋਮਾ ਇੰਨ ਯੋਗਾ (ਇੱਕ ਸਾਲਾ ਕੋਰਸ) ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਵਰੈਸਟ ਯੋਗਾ ਇੰਸਟੀਚਿਊਟ ਨਾਲ ਮਿਲਕੇ 1 ਜੂਨ ਤੋਂ 30 ਜੂਨ ਤੱਕ ਯੋਗਾ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਯੋਗਾ ਕਰਨ ਸਬੰਧੀ ਵਰਚੂਅਲ ਤਰੀਕੇ ਨਾਲ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਸ ‘ਚ 20 ਦੇਸ਼ਾਂ ਦੇ 9 ਹਜ਼ਾਰ ਦੇ ਕਰੀਬ ਲੋਕ ਹਿੱਸਾ ਲੈ ਰਹੇ ਹਨ ਅਤੇ ਲੋਕਾਂ ਵੱਲੋਂ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਵੀ ਦਿੱਤਾ ਜਾ ਰਿਹਾ ਹੈ।
ਸ੍ਰੀ ਚੀਮਾ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਵੱਲੋਂ ਵੀ ਯੋਗਾ ਕੋਰਸ ਦੇ ਵਿਦਿਆਰਥੀਆਂ ਲਈ 15 ਤੋਂ 21 ਜੂਨ ਤੱਕ ਸਪੈਸ਼ਲ ਆਨ ਲਾਈਨ ਯੋਗਾ ਪ੍ਰੋਗਰਾਮ ਕਰਵਾਇਆ ਗਿਆ ਹੈ ਜਿਸ ਦਾ ਅੱਜ ਸੱਤਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਸਮਾਪਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਹਫ਼ਤਾ ਭਰ ਚਲੀਆ ਕਲਾਸਾਂ ‘ਚ ਵਿਦਿਆਰਥੀਆਂ ਨੂੰ ਬੇਸਿਕ ਤੋਂ ਐਡਵਾਂਸ ਯੋਗਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਰਾਹੀਂ ਇਸ ਪ੍ਰੋਗਰਾਮ ‘ਚ ਡਿਫੈਂਸ, ਕੇਂਦਰੀ ਵਿਦਿਆਲੇ ਦੇ ਵਿਦਿਆਰਥੀ ਅਤੇ ਕੇਂਦਰੀ ਜੇਲ ਪਟਿਆਲਾ ਤੋਂ ਵੀ ਨੁਮਾਇੰਦੇ ਸ਼ਾਮਲ ਹੁੰਦੇ ਰਹੇ ਹਨ।
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਵਿਖੇ ਸੱਤਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਕਰਵਾਏ ਸਮਾਗਮ ਦੀਆਂ ਤਸਵੀਰਾਂ।