ਤਰਨ ਤਾਰਨ, 04 ਅਗਸਤ 2021
ਵਿਸ਼ਵ ਸਿਹਤ ਸੰਸਥਾ ਵਲੋ ਆਮ ਜਨਤਾ ਦੇ ਸਿਹਤ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਸਮੇਂ ਸਮੇਂ ਸਿਰ ਯਤਨ ਕੀਤੇ ਜਾਦੇ ਹਨ, ਜਿਨਾ੍ਹ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਅਗਸਤ ਦੇ ਮਹੀਨੇ ਵਿਸ਼ੇਸ਼ ਵਰਕਸ਼ਾਪਾਂ ਲਗਾਈਆ ਜਾਦੀਆਂ ਹਨ।
ਇਸੇ ਕੜੀ ਵਜੋਂ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪੀ. ਪੀ. ਯੂਨਿਟ ਵਿਭਾਗ ਵਿੱਚ ਸਿਵਲ ਸਰਜਨ, ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆ ਡਾ. ਮਹਿਤਾ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਪ੍ਰਮਾਤਮਾ ਵਲੋਂ ਬਖਸ਼ੀ ਬਹੁਤ ਵੱਡੀ ਨਿਆਮਤ ਹੈ, ਜਿਸ ਦਾ ਕੋਈ ਵੀ ਮੇਲ ਨਹੀਂ ਹੈ।ਜਣੇਪੇ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣਾ ਜ਼ਰੁਰੀ ਹੈ। ਪਹਿਲੇ 6 ਮਹੀਨੇ ਤਾਂ ਕੇਵਲ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ ਹੈ।ਪਹਿਲਾ ਪੀਲਾ ਗਾੜ੍ਹਾ ਦੁੱਧ ਬੱਚੇ ਵਿੱਚ ਬਿਮਾਰੀਆਂ ਤੋਂ ਬਚਣ ਦਾ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ।ਉਨਾਂ ਨੇ ਆਈਆ ਹੋਈਆ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਨੂੰ ਤੰਦਰੁਸਤ ਰੱਖਣ ਲਈ ਮਾਂ ਦਾ ਦੁੱਧ ਜ਼ਰੂਰ ਪਿਲਾਉਣ।
ਇਸ ਮੌਕੇ ‘ਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦੇਸ ਰਾਜ ਮੱਲ ਨੇ ਦੱਸਿਆ ਕਿ ਮਾਂ ਦੇ ਦੁੱਧ ਦੀ ਤੁਲਨਾ ਕਿਸੇ ਵੀ ਗੈਰ ਕੁਦਰਤੀ ਖੁਰਾਕ ਨਾਲ ਨਹੀਂ ਕੀਤੀ ਜਾ ਸਕਦੀ।ਜਿਹੜੀਆਂ ਮਾਵਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀਆ ਹਨ, ਉਨ੍ਹਾਂ ਦੇ ਬੱਚੇ ਬਹੁਤ ਘੱਟ ਬਿਮਾਰ ਹੁੰਦੇ ਹਨ।
ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਨੇ ਬੋਤਲ ਨਾਲ ਦੁੱਧ ਪਿਲਾਉਣ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਬਹੁਤ ਸਾਰੀਆ ਬਿਮਾਰੀਆਂ ਜਿਵੇਂ ਕਿ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਆਦਿ ਤੋਂ ਬਚ ਜਾਂਦੀਆ ਹਨ।