ਮਾਤਰੀ ਮੌਤਾਂ ਸਬੰਧੀ ਰੀਵਿਊ ਮੀਟਿੰਗ ਵਿਚ 2 ਕੇਸਾਂ ਨੂੰ ਵਿਚਾਰਿਆ
ਸਿਵਲ ਹਸਪਤਾਲ ਨਵਾਂਸਹਿਰ ਵਿਖੇ ਕੋਵਿਡ ਪਾਜੇਟਿਵ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਖ਼ਾਸ ਪ੍ਰਬੰਧ : ਡਾ ਰਾਕੇਸ਼ ਚੰਦਰ
ਨਵਾਂਸ਼ਹਿਰ, 13 ਮਈ 2021 ਮਾਣਯੋਗ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਪ੍ਰਧਾਨਗੀ ਹੇਠ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਸਬੰਧੀ ਅੱਜ ਜ਼ਿਲ੍ਹਾ ਪੱਧਰੀ ਕਮੇਟੀ ਦੀ ਹੋਈ ਰੀਵਿਊ ਮੀਟਿੰਗ ਵਿਚ ਤਿੰਨ ਮਹੀਨਿਆਂ ਦੌਰਾਨ ਹੋਈਆਂ 2 ਮਾਤਰੀ ਮੌਤਾਂ ਦੇ ਕੇਸਾਂ ਨੂੰ ਵਿਚਾਰਿਆ ਗਿਆ।
ਇਹ 2 ਕੇਸ ਸਿਹਤ ਬਲਾਕ ਮੁਕੰਦਪੁਰ ਨਾਲ ਸਬੰਧਤ ਸਨ। ਇਨ੍ਹਾਂ ਦੋਵਾਂ ਗਰਭਵਤੀ ਔਰਤਾਂ ਦੀ ਮੌਤ ਦੋ ਨਿੱਜੀ ਹਸਪਤਾਲਾਂ ਵਿਚ ਜਣੇਪੇ ਤੋਂ ਬਾਅਦ ਹੋਈ ਸੀ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਸਟਾਫ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਮਾਤਰੀ ਦਰ ਮੌਤ ਨੂੰ ਘਟਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਨ੍ਹਾਂ ਮੌਤਾਂ ਦੌਰਾਨ ਹੋਈਆਂ ਖਾਮੀਆਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਣਗਹਿਲੀ ਨਾਲ ਹੋਈ ਮਾਤਰੀ ਮੌਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਸਬੰਧਤ ਬਲਾਕ ਦੇ ਮੈਡੀਕਲ ਅਫਸਰ, ਪੈਰਾ ਮੈਡੀਕਲ ਸਟਾਫ ਤੇ ਹੋਰ ਨੁਮਾਇੰਦੇ ਹਾਜ਼ਰ ਸਨ।
ਮਾਤਰੀ ਮੌਤ ਰੀਵਿਊ ਮੀਟਿੰਗ ਦੌਰਾਨ ਮਾਣਯੋਗ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਹਰੇਕ ਗਰਭਵਤੀ ਔਰਤ ਨੂੰ ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਸਾਰੀਆਂ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਚੈਕਅੱਪ, ਲੈਬ ਟੈਸਟ, ਸਕੈਨਿੰਗ, ਹਸਪਤਾਲ ਆਉਣਾ ਤੇ ਛੱਡਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸਰਕਾਰੀ ਸੰਸਥਾ ਵਿਚ ਜਣੇਪਾ ਕਰਵਾਉਣ ‘ਤੇ ਮੁਫ਼ਤ ਖੁਰਾਕ ਤੇ ਦਵਾਈਆਂ ਸਮੇਤ ਜਨਨੀ ਸੁਰੱਖਿਆ ਯੋਜਨਾ ਤਹਿਤ ਵਿੱਤੀ ਮਦਦ ਵੀ ਦਿੱਤੀ ਜਾਂਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦਾ ਉਦੇਸ਼ ਮਾਤਰੀ ਮੌਤ ਦਰ ਨੂੰ ਘਟਾਉਣਾ ਹੈ।
ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਣੇਪੇ ਨਾਲ ਸਬੰਧਤ ਗਰਭਵਤੀ ਮਾਵਾਂ ਦਾ ਸਪੈਸ਼ਲਿਸਟ ਡਾਕਟਰ ਕੋਲੋਂ ਸਰਕਾਰੀ ਹਸਪਤਾਲਾਂ ਵਿਚ ਹੀ ਚੈਕਅੱਪ ਕਰਵਾਇਆ ਜਾਵੇ, ਕਿਉਂਕਿ ਸਪੈਸ਼ਲਿਸਟ ਡਾਕਟਰ ਜ਼ਿਆਦਾ ਗਿਆਨਵਾਨ ਹੁੰਦੇ ਹਨ। ਅਜਿਹੇ ਡਾਕਟਰ ਜਿਨ੍ਹਾਂ ਕੋਲ ਗਰਭਵਤੀ ਮਾਵਾਂ ਦੀ ਜਾਂਚ ਸਬੰਧੀ ਮੁਹਾਰਤ ਹਾਸਲ ਨਹੀਂ ਹੈ, ਉਨ੍ਹਾਂ ਕੋਲ ਜਾਣ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ ਵੱਲੋਂ ਹਦਾਇਤ ਕੀਤੀ ਗਈ ਕਿ ਜੇਕਰ ਸਿਹਤ ਕੇਂਦਰ ਵਿਚ ਕੋਈ ਵੀ ਗਰਭਵਤੀ ਮਾਂ ਨੂੰ ਪਹਿਲੀ ਵਾਰ ਚੈੱਕਅਪ ਦੌਰਾਨ ਹੀ ਹਾਈ ਰਿਸਕ ਲੱਗੇ ਜਿਵੇਂ ਕਿ ਬੀ. ਪੀ. ਵਧਦਾ ਹੋਵੇ, ਖੂਨ 7 ਗ੍ਰਾਮ ਤੋਂ ਘੱਟ ਹੋਵੇ ਜਾਂ 5 ਫੁੱਟ ਤੋਂ ਘੱਟ ਕੱਦ ਹੋਵੇ ਆਦਿ ਤਾਂ ਉਸ ਮਰੀਜ਼ ਨੂੰ ਤੁਰੰਤ ਜ਼ਿਲ੍ਹਾ ਸਰਕਾਰੀ ਹਸਪਤਾਲ ਪੱਧਰ ’ਤੇ ਰੈਫਰ ਕੀਤਾ ਜਾਵੇ। ਉਸ ਸਮੇਂ ਉਸ ਮਰੀਜ਼ ਦੇ ਵਾਰਿਸ ਨੂੰ ਸਮਝਾਇਆ ਜਾਵੇ ਕਿ ਮਾਂ ਅਤੇ ਬੱਚੇ ਦੀ ਜਾਨ ਨੂੰ ਖਤਰਾ ਕਿਵੇਂ ਘਟਾਆਿ ਜਾ ਸਕਦਾ ਹੈ ਅਤੇ ਇਹ ਸਭ ਕੁੱਝ ਗਰਭਵਤੀ ਮਾਵਾਂ ਨੂੰ ਵੀ ਦੱਸਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡਾ. ਚੰਦਰ ਨੇ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ ਪਾਜੇਟਿਵ ਗਰਭਵਤੀ ਔਰਤਾਂ ਦੇ ਜਣੇਪੇ ਲਈ ਖਾਸ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ ਪਾਜੇਟਿਵ ਔਰਤਾਂ ਦੇ ਜਣੇਪੇ ਕਰਵਾਉਣ ਲਈ ਵੱਖਰਾ ਵਾਰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਕੋਵਿਡ ਪਾਜੇਟਿਵ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਜ਼ੋਖਿਮ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਕੋਵਿਡ ਪਾਜੇਟਿਵ ਔਰਤਾਂ ਦਾ ਜਣੇਪਾ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿਚ ਸਜੇਰੀਅਨ ਅਤੇ ਨਾਰਮਲ ਡਲਿਵਰੀਆਂ ਸਮੇਤ ਹਰ ਤਰ੍ਹਾਂ ਦੇ ਜਣੇਪੇ ਮੁਫਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਔਰਤ ਦੇ ਜਣੇਪੇ ਦੌਰਾਨ ਹਸਪਤਾਲ ਵਿਚ ਮੁਫਤ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਜਣੇਪੇ ਤੋਂ ਬਾਅਦ ਜੱਚਾ-ਬੱਚਾ ਨੂੰ ਘਰ ਛੱਡਣ ਲਈ ਮੁਫਤ ਐਂਬੂਲੈਂਸ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਹਰਪ੍ਰੀਤ ਸਿੰਘ, ਮੈਡੀਕਲ ਅਫਸਰ ਮੋਨਿਕਾ ਜੈਨ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਠਾਕੁਰ, ਗੁਰਪ੍ਰੀਤ ਸਿੰਘ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।