ਫਾਜ਼ਿਲਕਾ, 21 ਮਈ,2021
ਕੋਵਿੰਡ ਮਹਾਂਮਾਰੀ ਕਾਰਨ ਵਿਦਿਆਰਥੀਆਂ ਲਈ ਸਕੂਲ ਬੰਦ ਹਨ। ਪਰ ਆਨਲਾਈਨ ਪੜ੍ਹਾਈ ਜਾਰੀ ਹੈ ਇਸ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਅਤੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਮਾਪਿਆਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਮਾਪਿਆਂ ਨਾਲ ਰਾਬਤਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ.ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਉਕਤ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਜਿਲ੍ਹੇ ਦੇ ਸਮੂਹ ਬੀਪੀਓਜ, ਸੀਐਚਟੀ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਬਰਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਡਾ. ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਅਧਿਆਪਕਾਂ ਵੱਲੋਂ 24 ਮਈ ਤੋ 31 ਮਈ 2021 ਤੱਕ ਮਾਪਿਆਂ ਨੂੰ ਫੋਨ ਕਾਲ ਕਰਕੇ ਬੱਚਿਆਂ ਦੀ ਸਿਹਤ ਸੰਭਾਲ ਲਈ ਜਾਗਰੂਕਤਾ ਕੀਤਾ ਜਾਵੇਗਾ। ਉੱਥੇ ਸਿੱਖਿਆ ਵਿਭਾਗ ਦੁਆਰਾ ਟੀਵੀ ਤੇ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਬਾਰੇ ਦੱਸਦਿਆਂ ਬੱਚਿਆਂ ਨੂੰ ਟੀਵੀ ਪ੍ਰੋਗਰਾਮ ਦੇਖਣ ਲਈ, ਰੋਜਾਨਾ ਭੇਜੀਆਂ ਜਾਦੀਆ ਘਰ ਦੇ ਕੰਮ ਦੀਆ ਸਲਾਈਡ ਬਾਰੇ, ਅਧਿਆਪਕਾਂ ਵੱਲੋਂ ਲਗਾਈਆਂ ਜਾ ਰਹੀਆ ਆਨਲਾਈਨ ਕਲਾਸਾ ਵਿੱਚ ਬੱਚਿਆਂ ਨੂੰ ਸਮੂਲੀਅਤ ਕਰਨ ਲਈ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇਗਾ।
ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਮਾਪਿਆਂ ਨੂੰ ਸਕੂਲਾਂ ਵਿੱਚ ਚੱਲ ਰਹੀ ਦਾਖਲਾ ਮੁਹਿੰਮ ਬਾਰੇ ਦੱਸਦਿਆ ਆਪਣੇ ਆਸ ਪਾਸ ਰਹਿੰਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।ਬੱਚਿਆਂ ਨੂੰ ਰੋਜਾਨਾ ਹੋਮ ਵਰਕ ਆਪਣੀ ਕਾਪੀਆ ਉੱਤੇ ਕਰਨ ਅਤੇ ਇਸ ਦੀਆ ਫੋਟੋਆਂ ਆਪਣੇ ਅਧਿਆਪਕ ਨੂੰ ਭੇਜਣ ਲਈ ਮਾਪਿਆਂ ਨੂੰ ਕਿਹਾ ਜਾਵੇਗਾ। ਹਫਤਾ ਭਰ ਚੱਲਣ ਵਾਲੇ ਇਸ ਰਾਬਤਾ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਅਪਣਤ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਲਈ ਉਤਸਾਹਿਤ ਕਰਨਾ ਅਤੇ ਮਾਪਿਆਂ ਨੂੰ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਜਾਗਰੂਕ ਕਰਨਾ ਹੈ। ਅਧਿਆਪਕਾਂ ਵੱਲੋਂ ਇੱਕ ਮਿੱਥੇ ਸ਼ਡਿਊਲ ਅਨੁਸਾਰ ਹਰ ਰੋਜ਼ ਮਾਪਿਆਂ ਨਾਲ ਰਾਬਤਾ ਕਾਇਮ ਕਰਕੇ ਸੂਚਨਾ ਵਿਭਾਗ ਵੱਲੋਂ ਭੇਜੇ ਗੂਗਲ ਫਾਰਮ ਵਿੱਚ ਭਰੀ ਜਾਵੇਗੀ।
ਇਸ ਮੀਟਿੰਗ ਵਿੱਚ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ, ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਜਿਲ੍ਹੇ ਦੇ ਸਮੂਹ ਬੀਪੀਓਜ, ਸਮੂਹ ਬੀਐਮਟੀ ਅਤੇ ਸਮੂਹ ਸੀਐਚਟੀਜ ਨੇ ਉਤਸਾਹ ਨਾਲ ਭਾਗ ਲਿਆ । ਉਕਤ ਮੀਟਿੰਗ ਵਿਚ ਜਿਲ੍ਹਾ ਨੋਡਲ ਅਫਸਰ ਸ਼੍ਰੀ ਰਾਜੇਸ਼ ਭਾਰਦਵਾਜ ਵੱਲੋਂ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ।