ਮਾਪੇ ਅਧਿਆਪਕ ਮਿਲਣੀ 1 ਅਤੇ 2 ਜੁਲਾਈ ਨੂੰ :ਜ਼ਿਲ੍ਹਾ ਸਿੱਖਿਆ ਅਫ਼ਸਰ

ਸਕੂਲ ਸਿੱਖਿਆ ਦਰਜਾਬੰਦੀ ਵਿੱਚ ਸਰਵੋਤਮ ਪੰਜਾਬ ਦੀ ਪ੍ਰਾਪਤੀ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਸਾਂਝਾ ਕਰਨਾ ਚਰਚਾ ਦਾ ਮੁੱਖ ਵਿਸ਼ਾ
ਮਿਲਦੇ ਜਦੋਂ ਅਧਿਆਪਕ-ਮਾਪੇ ਫੇਰ ਸਮੱਸਿਆਵਾਂ ਹੱਲ ਹੁੰਦੀਆਂ ਆਪੇ
ਰੂਪਨਗਰ ,30 ਜੂਨ 2021
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵਿੱਚ ਪਿਛਲੇ ਸਮੇਂ ਦੌਰਾਨ ਸਮੂਹ ਸਿੱਖਿਆ ਅਮਲੇ ਦੀ ਮਿਹਨਤ ਸਦਕਾ ਭਾਰਤ ਸਰਕਾਰ ਵੱਲੋਂ ਸਕੂਲੀ ਸਿੱਖਿਆ ਸਬੰਧੀ ਕੀਤੀ ਦਰਜਾਬੰਦੀ ਵਿੱਚ ਪੰਜਾਬ ਦੇਸ਼ ਦਾ ਇੱਕਲੌਤਾ ਨੰ. 1 ਸੂਬਾ ਬਣਿਆ ਹੈ।
ਰਾਜ ਕੁਮਾਰ ਖੋਸਲਾ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਣਮੱਤੀ ਪ੍ਰਾਪਤੀ ਤੋਂ ਜਨ-ਜਨ ਨੂੰ ਜਾਣੂ ਕਰਵਾਉਣ ਤਾਂ ਕਿ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਸਹਿਯੋਗ ਕਰਨ ਵਾਲੇ ਪਤਵੰਤਿਆਂ ਦਾ ਧੰਨਵਾਦ ਕੀਤਾ ਜਾ ਸਕੇ ਅਤੇ ਭਵਿੱਖ ਵਿੱਚ ਵੀ ਸਰਕਾਰੀ ਸਕੂਲਾਂ ਨਾਲ ਇਵੇਂ ਹੀ ਤਾਲਮੇਲ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਸਕੇ ਅਤੇ ਮਹਾਂਮਾਰੀ ਦੌਰਾਨ ਵੀ ਆਨਲਾਈਨ ਪੜ੍ਹਾਈ ਨਾਲ ਨਿਰੰਤਰ ਜੁੜੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਰਿਪੋਰਟ ਸਾਂਝਾ ਕਰਨ ਲਈ ਆਉਣ ਵਾਲੀ 1 ਅਤੇ 2 ਜੁਲਾਈ ਨੂੰ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਮਾਪੇ-ਅਧਿਆਪਕ ਮਿਲਣੀ ਦੇ ਮੁੱਖ ਏਜੰਡੇ ਭਾਰਤ ਸਰਕਾਰ ਵੱਲੋਂ ਜਾਰੀ ਦਰਜਾਬੰਦੀ ਵਿੱਚ ਪੰਜਾਬ ਸੂਬੇ ਦੀ ਪ੍ਰਾਪਤੀ ਤੋਂ ਇਲਾਵਾ ਅੱਪਰ ਪ੍ਰਾਇਮਰੀ ਜਮਾਤਾਂ ਦੀਆਂ 5 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਮਾਪਿਆਂ ਨਾਲ ਸਾਂਝੀ ਕਰਨਾ, ਅਧਿਆਪਕਾਂ ਵੱਲੋਂ ਆਪਣੇ ਪੱਧਰ `ਤੇ ਲਗਾਈਆਂ ਜਾ ਰਹੀਆਂ ਆਨਲਾਈਨ ਜਮਾਤਾਂ ਦੀ ਸਮਾਂ-ਸਾਰਣੀ ਦੀ ਜਾਣਕਾਰੀ ਦੇਣਾ, ਟੀ ਵੀ ਜਮਾਤਾਂ ਦੇ ਸ਼ਡਿਊਲ ਬਾਰੇ ਮਾਪਿਆਂ ਨੂੰ ਜਾਣਕਾਰੀ ਦੇ ਕੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣਾ, ਜੁਲਾਈ ਮਹੀਨੇ ਦੌਰਾਨ ਕਰਵਾਏ ਜਾਣ ਵਾਲੇ ਸਿਲੇਬਸ ਬਾਰੇ ਜਾਣੂ ਕਰਵਾਉਣਾ , ਵਿਦਿਆਰਥੀਆਂ ਦੇ ਅਭਿਆਸ ਲਈ ਵਿਭਾਗ ਵੱਲੋਂ ਲਗਾਤਾਰ ਭੇਜੇ ਜਾ ਰਹੇ ਸਪਲੀਮੈਂਟਰੀ ਮਟੀਰੀਅਲ , ਰੋਜ਼ਾਨਾ ਹੋਮ ਵਰਕ, ਅਭਿਆਸ ਸ਼ੀਟਾਂ ,ਰੋਜ਼ਾਨਾ ਸਲਾਈਡਾਂ ਅਤੇ ਮੁਲਾਂਕਣ ਸ਼ੀਟਾਂ ਆਦਿ ਏਜੰਡਿਆਂ ਸਬੰਧੀ ਵੀ ਸਾਰਿਆਂ ਨੂੰ ਲਾਜ਼ਮੀ ਤੌਰ `ਤੇ ਜਾਣੂ ਕਰਵਾਇਆ ਜਾਵੇਗਾ।
ਜਰਨੈਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿੱ) ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਵਿਭਾਗ ਵੱਲੋਂ ਰੋਜ਼ਾਨਾ ਸਲਾਈਡਾਂ ,ਟੀ ਵੀ ਜਮਾਤਾਂ ਆਦਿ ਦੀ ਉਪਲੱਬਧਤਾ ਕਰਵਾਈ ਗਈ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਹੁਣ ਹੋਰ ਵੀ ਯੋਜਨਾਬੱਧ ਢੰਗਾਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਲਗਾਤਾਰਤਾ ਬਣਾਏ ਰੱਖਣਾ, ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਭਾਗ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਉੱਦਮਾਂ ਅਤੇ ਪੜ੍ਹਾਈ ਲਈ ਉਪਲੱਬਧ ਸਾਧਨਾਂ ਬਾਰੇ ਜਾਣੂ ਕਰਵਾਉਣਾ ਅਤੇ ਅਧਿਆਪਕਾਂ-ਮਾਪਿਆਂ ਵਿੱਚ ਤਾਲਮੇਲ ਵਧਾਉਣਾ ਵੀ ਮਾਪੇ-ਅਧਿਆਪਕ ਮਿਲਣੀ ਦਾ ਇੱਕ ਏਜੰਡਾ ਹੋਵੇਗਾ।
ਉਹਨਾਂ ਦੱਸਿਆ ਕਿ ਇਸ ਮਾਪੇ-ਅਧਿਆਪਕ ਮਿਲਣੀ ਵਿੱਚ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਪੰਚਾਇਤ ਮੈਂਬਰਾਂ, ਐੱਸ.ਐੱਮ.ਸੀ . ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਤੱਕ ਪਹੁੰਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਉਹਨਾਂ ਦੱਸਿਆ ਕਿ ਮਿਲਣੀ ਸਬੰਧੀ ਸਮੂਹ ਜ਼ਿਲ੍ਹਾ ਅਧਿਕਾਰੀ ,ਸਕੂਲ ਮੁਖੀ , ਅਧਿਆਪਕ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ ,ਪੋਸਟਰਾਂ ਰਾਹੀਂ ,ਆਡੀਓ/ਵੀਡੀਓ ਅਤੇ ਲਿਖਤੀ ਸੁਨੇਹਿਆਂ ਤੋਂ ਇਲਾਵਾ ਸਾਂਝੀਆਂ ਥਾਵਾਂ ਤੋਂ ਅਨਾਊਂਸਮੈਂਟ ਕਰਵਾ ਕੇ ਸਬੰਧਿਤ ਨੂੰ ਅਗਾਊਂ ਤੌਰ `ਤੇ ਜਾਣੂ ਕਰਵਾਉਣਗੇ।
ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਾਪੇ-ਅਧਿਆਪਕ ਮਿਲਣੀ ਨੂੰ ਸਫ਼ਲ ਬਣਾਉਣ ਸਬੰਧੀ ਆਪਣੇ ਅਧੀਨ ਆਉਂਦੇ ਸਮੂਹ ਅਧਿਕਾਰੀਆਂ/ਅਧਿਆਪਕਾਂ ਨਾਲ ਆਨਲਾਈਨ ਮੀਟਿੰਗਾਂ ਰਾਹੀਂ ਯੋਜਨਾਵਾਂ ਉਲੀਕਣਗੇ।
ਇਸ ਦੌਰਾਨ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਆਨਲਾਈਨ ਮਾਪੇ-ਅਧਿਆਪਕ ਮਿਲਣੀ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਹੱਲਾਸ਼ੇਰੀ ਦੇਣ ਅਤੇ ਹਾਜ਼ਰ ਮਾਪਿਆਂ/ਕਮੇਟੀ ਮੈਂਬਰਾਂ/ ਪਤਵੰਤਿਆਂ ਦੁਆਰਾ ਭਵਿੱਖ ਵਿੱਚ ਸਿੱਖਿਆ ਦੀ ਬਿਹਤਰੀ ਲਈ ਦਿੱਤੇ ਜਾਣ ਵਾਲੇ ਸੁਝਾਵਾਂ ਤੋਂ ਜਾਣੂ ਹੋਣ ਲਈ ਮੀਟਿੰਗਾਂ ਵਿੱਚ ਰੈਂਡਮ ਪੱਧਰ `ਤੇ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ ਸਾਹਿਬਾਨ ਜ਼ਿਆਦਾ ਗਿਣਤੀ ਵਾਲੇ ਸਕੂਲਾਂ ਦੇ ਅਧਿਆਪਕਾਂ ਦੇ ਸਹਿਯੋਗੀ ਦੇ ਰੂਪ ਵਿੱਚ ਭੂਮਿਕਾ ਨਿਭਾਉਣਗੇ।

Spread the love