”ਮਾਮਲਾ ਕਿਸਾਨੀ ਅੰਦੋਲਨ ਦੌਰਾਨ ਦਾ”

Jagdeep Singh Cheema
"ਮਾਮਲਾ ਕਿਸਾਨੀ ਅੰਦੋਲਨ ਦੌਰਾਨ ਦਾ"
ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਢਾਹੇ ਤਸਦਦ ਨਾਲ ਨੌਜਵਾਨ ਦੀ ਮੌਤ ਦੀ
ਪੰਜਾਬ ਸਰਕਾਰ ਜਿੰਮੇਵਾਰ :  ਜਗਦੀਪ ਚੀਮਾ
ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ‘ਤੇ ਗੋਲੀਆਂ ਚਲਾ ਕੇ ਕੀਤਾ ਜਾ ਰਿਹਾ ਹੈ ਸ਼ਰੇਆਮ ਲੋਕਤੰਤਰ ਦਾ ਘਾਣ

ਫਤਿਹਗੜ੍ਹ ਸਾਹਿਬ, 21 ਫਰਵਰੀ 2024

ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦਿੱਲੀ ਕੂਚ ਕਰਨ ਜਾ ਰਹੇ ਕਿਸਾਨਾਂ ਤੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਛੱਡਣ ਅਤੇ ਰੋਬੜ ਦੀਆਂ ਗੋਲੀਆਂ ਚਲਾ ਕੇ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਢਾਹਿਆ ਜਾ ਰਿਹਾ ਤਸ਼ਦਦ ਸਹਿਣ ਨਹੀ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜਥੇਦਾਰ ਚੀਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਖਨੌਰੀ ਬਾਰਡਰ ਤੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਲਈ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡ ਕੇ ਅਤੇ ਰਬੜ ਦੀਆਂ ਗੋਲੀਆਂ ਚਲਾ ਕੇ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਜਖਮੀ ਕੀਤਾ ਗਿਆ ਹੈ ਉੱਥੇ ਹੀ ਬਠਿੰਡਾ ਦੇ ਨੌਜਵਾਨ ਸ਼ੁਭਕਰਮਨ ਸਿੰਘ ਦੀ ਖਨੌਰੀ ਬਾਰਡਰ ਤੇ ਹੋਈ ਮੌਤ ਲਈ ਸਿੱਧੇ ਤੌਰ ਤੇ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ ਜਿੰਮੇਵਾਰ ਹੈ ਕਿਉਂਕਿ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਤੇ ਜਾਨਲੇਵਾ ਅਟੈਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣਾ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਕਿਸਾਨਾਂ ਅਤੇ  ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਸੁੱਟੇ ਜਾ ਰਹੇ ਅਥਰੂ ਗੈਸ ਦੇ ਗੋਲੇ ਤੇ ਕੀਤੇ ਜਾ ਰਹੇ ਤਸ਼ੱਦਦ ਨੂੰ ਰੋਕਣ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ, ਕਿਉਂਕਿ ਪੰਜਾਬ ਦੀ ਹੱਦ ਵਿੱਚ ਆ ਕੇ ਹਰਿਆਣਾ ਸਰਕਾਰ ਵੱਲੋਂ ਤਸ਼ੱਦਦ ਢਾਏ ਜਾਣੇ ਕਿਸੇ ਵੀ ਤਰਾ ਜਾਇਜ ਨਹੀਂ ਹਨ।

ਉਹਨਾਂ ਕਿਹਾ ਕਿ ਪਹਿਲਾਂ ਵੀ ਕਿਸਾਨ ਅੰਦੋਲਨ ਦੌਰਾਨ ਕਈ ਕਿਸਾਨਾਂ ਦੀਆਂ ਅਜਾਈ ਜਾਨਾ ਜਾ ਚੁੱਕੀਆਂ ਹਨ ਤੇ ਹੁਣ ਵੀ ਸਰਕਾਰ ਆਪਣੇ ਅੜੀਅਲ ਰਵਈਏ ਤੇ ਅੜੇ ਰਹਿਣ ਕਾਰਨ ਕਿਸਾਨਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖ਼ਨੌਰੀ ਵਿਖੇ ਹਰਿਆਣਾ ਪੁਲਿਸ ਦੀ ਗੋਲੀਬਾਰੀ ‘ਚ ਜ਼ਿਲ੍ਹਾ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਬੇਹੱਦ ਦੁੱਖਦਾਈ ਹੈ, ਜਿਸ ਨਾਲ ਪੂਰੇ ਪੰਜਾਬ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਦਾ ਜ਼ਿੰਮੇਵਾਰ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਹੈ, ਮੁੱਖ ਮੰਤਰੀ ਪੰਜਾਬ ਕਿਸਾਨਾਂ ਦੇ ਵਿਰੁੱਧ ਹਰਿਆਣਾ ਨਾਲ ਮਿਲਿਆ ਹੋਇਆ ਹੈ ਜਿਸ ਕਰਕੇ ਹਰਿਆਣੇ ਦੀ ਪੁਲਿਸ ਨੂੰ ਪੰਜਾਬ ਦੀ ਧਰਤੀ ‘ਤੇ ਪੰਜਾਬੀਆਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰਨ ਦੀ ਖੁੱਲ੍ਹ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ‘ਤੇ ਗੋਲੀਆਂ ਚਲਾ ਕੇ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ।