ਬਟਾਲਾ, 9 ਜੁਲਾਈ 2021 ਮਾਰਕਫੈਡ ਅਦਾਰੇ ਵੱਲੋਂ ਅੱਜ ਬਟਾਲਾ ਸ਼ਹਿਰ ਵਿੱਚ ਕੈਟਲ ਫੀਡ ਦੀ ਸੇਲ ਲਈ ਡੀਲਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮਾਰਕਫੈਡ ਬੋਰਡ ਆਫ ਡਾਇਰੈਕਟਰ ਦੇ ਡਾਇਰੈਕਟਰ ਸੰਦੀਪ ਸਿੰਘ ਰੰਧਾਵਾ, ਮਾਰਕਫੈਡ ਪਲਾਂਟ ਕਪੂਰਥਲਾ ਦੇ ਜਨਰਲ ਮੈਨੇਜਰ ਰਾਜ ਸ਼ੇਰ ਸਿੰਘ ਛੀਨਾ, ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਬੰਧਕ ਮਾਰਕਫੈਡ ਗੁਰਦਾਸਪੁਰ, ਜਗਤਾਰ ਸਿੰਘ ਬਰਾਂਚ ਇੰਚਾਰਜ ਬਟਾਲਾ, ਪ੍ਰਭਜੋਤ ਸਿੰਘ, ਮਨਪ੍ਰੀਤ ਕੌਰ, ਮੁਨੀਸ਼ ਮਹਾਜਨ ਖੇਤਰੀ ਅਧਿਕਾਰੀ ਬਟਾਲਾ, ਹਰਪਾਲ ਸਿੰਘ, ਸਿਕੰਦਰਦੀਪ ਸਿੰਘ, ਰਵੀ ਸ਼ੇਰ ਸਿੰਘ ਅਤੇ ਹੋਰ ਡੀਲਰ ਮੌਜੂਦ ਸਨ।
ਮੀਟਿੰਗ ਦੌਰਾਨ ਮਾਰਕਫੈਡ ਪਲਾਂਟ ਕਪੂਰਥਲਾ ਦੇ ਜਨਰਲ ਮੈਨੇਜਰ ਰਾਜ ਸ਼ੇਰ ਸਿੰਘ ਛੀਨਾ ਨੇ ਦੱਸਿਆ ਕਿ ਮਾਰਕਫੈਡ ਵੱਲੋਂ ਤਿਆਰ ਕੀਤੀ ਜਾਂਦੀ ਕੈਟਲ ਫੀਡ ਸਭ ਤੋਂ ਵਧੀਆ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਪਸ਼ੂਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਬਣਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸਦੇ ਮੁਕਾਬਲੇ ਨਿੱਜੀ ਪਲਾਂਟਾਂ ਵਾਲੀ ਕੈਟਲ ਫੀਡ ਮਿਆਰ ਪੱਖੋਂ ਸਹੀ ਨਹੀਂ ਹੁੰਦੀ ਅਤੇ ਲੈਬੋਰਟਰੀ ਵਿੱਚ ਜਾਂਚ ਤੋਂ ਬਾਅਦ ਕਈ ਕੰਪਨੀਆਂ ਦੀ ਕੈਟਲ ਫੀਡ ਦੇ ਨਮੂਨੇ ਫੇਲ੍ਹ ਵੀ ਹੋਏ ਹਨ। ਉਨ੍ਹਾਂ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਮਾਰਕਫੈਡ ਦੀ ਕੈਟਲ ਫੀਡ ਨੂੰ ਪਸ਼ੂ ਪਾਲਕਾਂ ਤੱਕ ਵੇਚਣ ਦਾ ਕੰਮ ਕਰਨ ਕਿਉਂਕਿ ਇਸ ਨਾਲ ਜਿਥੇ ਪਸ਼ੂਆਂ ਦੀ ਦੁੱਧ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਓਥੇ ਨਾਲ ਹੀ ਇਹ ਪਸ਼ੂਆਂ ਦੀ ਸਿਹਤ ਲਈ ਵੀ ਬਹੁਤ ਲਾਭਕਾਰੀ ਸਾਬਤ ਹੋਵੇਗੀ।
ਇਸੇ ਦੌਰਾਨ ਡਾਇਰੈਕਟਰ ਸੰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮਾਰਕਫੈਡ ਦੇ ਸਾਰੇ ਹੀ ਉਤਪਾਦ ਬਹੁਤ ਵਧੀਆ ਅਤੇ ਮਿਆਰੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਵਾਲੇ ਉਤਪਾਦਾਂ ਵਿੱਚ ਕਈ ਤਰਾਂ ਦੀ ਮਿਲਾਵਟ ਦੇਖੀ ਗਈ ਹੈ ਪਰ ਮਾਰਕਫੈਡ ਨੇ ਕਦੀ ਵੀ ਗੁਣਵਤਾ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਵੀਰਾਂ ਨੂੰ ਸਿਰਫ ਸਸਤੇ ਵੱਲ ਨਹੀਂ ਜਾਣਾ ਚਾਹੀਦਾ ਬਲਕਿ ਹਮੇਸ਼ਾਂ ਕੁਆਲਟੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਦੀ ਫੀਡ ਦੇ ਨਤੀਜੇ ਬਹੁਤ ਸ਼ਾਨਦਾਰ ਹਨ ਜੋ ਕਿਸੇ ਹੋਰ ਫੀਡ ਵਿੱਚ ਨਹੀਂ ਹਨ।
ਇਸ ਮੌਕੇ ਮੁਨੀਸ਼ ਮਹਾਜਨ ਖੇਤਰੀ ਅਧਿਕਾਰੀ ਬਟਾਲਾ ਨੇ ਮਾਰਕਫੈਡ ਦੀ ਕੈਟਲ ਫੀਡ ਅਤੇ ਹੋਰ ਉਤਪਾਦਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਨਾਲ ਹੀ ਡੀਲਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੱਧ ਤੋਂ ਵੱਧ ਮਾਰਕਫੈਡ ਦੇ ਉਤਪਾਦਾਂ ਦੀ ਵਿਕਰੀ ਕਰਨ।