ਲੜਕੀਆਂ ਤੇ ਔਰਤਾਂ ਦੇ ਸਸ਼ਕਤੀਕਰਨ ਚ ਹੋਰ ਵਾਧਾ ਕਰੇਗੀ ਉਡਾਣ ਸਕੀਮ : ਡਿਪਟੀ ਕਮਿਸ਼ਨਰ
ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਉਡਾਣ ਸਕੀਮ ਦੀ ਕੀਤੀ ਸ਼ੁਰੂਆਤ
10 ਤੋਂ 19 ਸਾਲ ਤੱਕ ਦੀਆਂ ਲੜਕੀਆਂ ਤੇ ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਵੰਡੇ ਜਾਣਗੇ ਸੈਨੇਟਰੀ ਪੈਡ
ਬਠਿੰਡਾ, 28 ਮਈ 2021 ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਇਹ ਸਲਾਘਾਯੋਗ ਕਦਮ ਸਵੱਛ ਅਤੇ ਸੁਰੱਖਿਤ ਨਿੱਜੀ ਸਿਹਤ ਅਤੇ ਸਫ਼ਾਈ ਰਾਹੀਂ ਮਹਿਲਾਵਾਂ ਅਤੇ ਲੜਕੀਆਂ ਨੂੰ ਸਮਰੱਥ ਬਣਾਉਣ ਵਿਚ ਬਹੁਤ ਹੀ ਸਹਾਈ ਸਿੱਧ ਹੋਵੇਗਾ। ਸੂਬਾ ਸਰਕਾਰ ਦੀ ਇਹ ਵਿਲੱਖਣ ਪਹਿਲਕਦਮੀ ਔਰਤਾਂ ਵਿਚ ਮਾਹਵਾਰੀ ਦੌਰਾਨ ਆਪਣੀਆਂ ਨਿੱਤ ਦੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਸੁਰੱਖਿਅਤ ਦੀ ਭਾਵਨਾ ਪੈਦਾ ਕਰੇਗੀ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਮਾਸਿਕ-ਧਰਮ ਸਵੱਛਤਾ ਦੀ ਅਹਿਮਤੀਅਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਗਏ ਸੂਬਾ ਪੱਧਰੀ ਵਰਚੂਅਲ ਪ੍ਰੋਗਰਾਮ ਦੌਰਾਨ ਉਡਾਣ ਸਕੀਮ ਦੀ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਵਲੋਂ ਕੀਤੀ ਗਈ ਸ਼ੁਰੂਆਤ ਉਪਰੰਤ ਦਿੱਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਉਡਾਣ ਸਕੀਮ ਦੀ ਨਿਵੇਕਲੀ ਪਹਿਲਕਦਮੀ ਲੜਕੀਆਂ ਤੇ ਔਰਤਾਂ ਦੇ ਸਸ਼ਕਤੀਕਰਨ ਚ ਹੋਰ ਵਾਧਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸਕੂਲ ਛੱਡ ਚੁੱਕੀਆਂ ਜਾਂ ਸਕੂਲ ਨਾ ਜਾਣ ਵਾਲੀਆਂ ਅਤੇ ਕਾਲਜ ਨਾ ਪੜ੍ਹਨ ਵਾਲੀਆਂ ਲੜਕੀਆਂ ਲਾਹਾ ਲੈ ਸਕਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀ ਬੀ.ਪੀ.ਐਲ. ਪਰਿਵਾਰ ਦੀਆਂ ਔਰਤਾਂ, ਝੁੱਗੀ-ਝੌਪੜੀਆਂ ਵਿਚ ਰਹਿਣ ਵਾਲੀਆਂ ਤੇ ਬੇਘਰ ਅਤੇ ਟੱਪਰੀਵਾਸ ਪਰਿਵਾਰਾਂ ਦੀਆਂ ਔਰਤਾਂ ਨੂੰ ਆਂਗਨਵਾੜੀ ਕੇਂਦਰਾਂ ਰਾਹੀਂ ਕਵਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਡਾਣ ਸਕੀਮ ਤਹਿਤ 10 ਤੋਂ 19 ਸਾਲ ਤੱਕ ਦੀਆਂ ਲੜਕੀਆਂ ਤੇ ਲੋੜਵੰਦ ਮਹਿਲਾਵਾਂ ਨੂੰ ਪ੍ਰਤੀ ਮਹੀਨਾ 9 ਸੈਨੇਟਰੀ ਪੈਡ ਮੁਫ਼ਤ ਦਿੱਤੇ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਸੈਨੇਟਰੀ ਪੈਡਜ਼ ਦੀ ਵੰਡ ਜ਼ਿਲ੍ਹੇ ਦੀਆਂ ਆਂਗਨਵਾੜੀ ਸੈਂਟਰਾਂ ਦੀਆਂ ਵਰਕਰਾਂ ਰਾਹੀਂ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਆਂਗਨਵਾੜੀ ਸੈਂਟਰ ਨਹੀਂ ਹਨ ਉੱਥੇ ਇਨ੍ਹਾਂ ਸੈਨੇਟਰੀ ਪੈਡਜ਼ ਦੀ ਵੰਡ ਆਸ਼ਾ ਵਰਕਰਜ਼ ਅਤੇ ਏ.ਐਨ.ਐਮ. ਰਾਹੀਂ ਕੀਤੀ ਜਾਵੇਗੀ।
ਇਸ ਵਰਚੂਅਲ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਦੋ ਮਹਿਲਾ ਸਰਕਾਰੀ ਅਧਿਆਪਕਾਵਾਂ ਗੁਰਵਿੰਦਰ ਕੌਰ ਤੇ ਸਤਵਿੰਦਰ ਕੌਰ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਉਡਾਣ ਸਕੀਮ ਦੀ ਸ਼ਲਾਘਾ ਕੀਤੀ।