ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਦੁੱਧ ਉਤਪਾਦਕਾਂ ਤੋਂ ਬੀਤੇ ਵਰ੍ਹੇ ਨਾਲੋਂ 17 ਫੀਸਦੀ ਵੱਧ ਦੁੱਧ ਖਰੀਦਿਆ
ਗੁਰਦਾਸਪੁਰ, 18 ਜੂਨ 2021 ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਪੰਜਾਬ ਨੇ ਕਿਹਾ ਕਿ ਮਿਲਕਫੈਡ ਵੱਲੋਂ ਕੋਰੋਨਾ ਮਹਾਂਮਾਰੀ ਦੇ ਔਖੇ ਦੌਰ ਵਿੱਚ ਜਿੱਥੇ ਦੁੱਧ ਉਤਪਾਦਕਾਂ ਦੀ ਬਾਂਹ ਫੜੀ ਉਥੇ ਸੂਬੇ ਵਿੱਚ ਖਪਤਕਾਰਾਂ ਦੀ ਸਹੂਲਤ ਲਈ ਮਾਰਕੀਟ ਵਿਚ ਨਵੇਂ ਉਤਪਾਦਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਦੁੱਧ ਉਤਪਾਦਕਾਂ ਦੀ ਸਹੂਲਤ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੰਦੇ ਦੇ ਇਸ ਦੌਰ ਵਿੱਚ ਵੀ ਮਿਲਕਫੈਡ ਵੱਲੋਂ ਮਿਲਕ ਪਲਾਟਾਂ ਦੇ ਆਧੁਨੀਕਰਨ ਅਤੇ ਇਹਨਾਂ ਦੀ ਸਮਰੱਥਾ ਵਧਾਉਣ ਲਈ 254 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ, ਲੁਧਿਆਣਾ, ਮੁਹਾਲੀ ਤੇ ਪਟਿਆਲਾ ਡੇਅਰੀਆਂ ਵਿਖੇ ਵਿਕਾਸ ਅਤੇ ਵਿਸਥਾਰ ਪ੍ਰਾਜੈਕਟ ਚੱਲ ਰਹੇ ਹਨ। ਸਹਿਕਾਰੀ ਅਦਾਰਿਆਂ ਦੀ ਮਜ਼ਬੂਤੀ ਨਾਲ ਜਿੱਥੇ ਲੋਕਾਂ ਨੂੰ ਮਿਆਰੀ ਤੇ ਵਾਜਬ ਕੀਮਤਾਂ ਉਤੇ ਉਤਪਾਦ ਮਿਲਦੇ ਹਨ ਉਥੇ ਕਿਸਾਨੀ ਨੂੰ ਵੱਡਾ ਫਾਇਦਾ ਹੁੰਦਾ ਹੈ। ਉਨਾਂ ਦੱਸਿਆ ਕਿ ਮਿਲਕਫੈੱਡ ਨੇ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਦੁੱਧ ਉਤਪਾਦਕਾਂ ਕੋਲੋਂ ਬੀਤੇ ਵਰ੍ਹੋ ਨਾਲੋਂ 17 ਫੀਸਦ ਵੱਧ ਦੁੱਧ ਖਰੀਦਿਆ ਹੈ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਬੀਤੇ ਦਿਨੀ ਵੇਰਕਾ ਡੇਅਰੀ ਵ੍ਹਾਈਟਨਰ ਦੇ 5 ਗ੍ਰਾਮ, 10 ਗ੍ਰਾਮ ਅਤੇ 20 ਗ੍ਰਾਮ ਪੈਕੇਟ ਵੀ ਲਾਂਚ ਕੀਤੇ ਗਏ ਹਨ। ਮਿਲਕਫੈਡ ਵਲੋਂ ਇਹ ਸਾਰੀਆਂ ਪੈਕਿੰਗਾਂ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਮਾਰਕੀਟ ਵਿੱਚ ਉਤਾਰੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵੇਰਕਾ ਵੱਲੋਂ ਪੰਜਾਬ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੀ ਸੇਵਾ ਹਿੱਤ ਜਲੰਧਰ ਮਿਲਕ ਪਲਾਂਟ ਵਿੱਚ ਉਚ ਕੋਟੀ ਦੇ ਡੇਅਰੀ ਵ੍ਹਾਈਟਨਰ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਜਿੱਥੇ ਅਤਿ ਆਧੁਨਿਕ ਮਸ਼ੀਨਰੀ ਦੇ ਨਾਲ ਪੰਜਾਬ ਦੇ ਪੌਸ਼ਟਿਕ ਅਤੇ ਸ਼ੁੱਧ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਵੇਰਕਾ ਡੇਅਰੀ ਵ੍ਹਾਈਟਨਰ ਦੀ ਵਰਤੋਂ ਕਿਸੇ ਵੀ ਥਾਂ ਚਾਹ, ਕਾਫੀ, ਦੁੱਧ ਬਣਾਉਣ ਲਈ ਸਿਰਫ ਪਾਣੀ ਮਿਲਾ ਕੇ ਕੀਤੀ ਜਾ ਸਕਦੀ ਹੈ।
ਉਨਾਂ ਦੱਸਿਆ ਕਿ ਇਕ ਕਿਲੋ ਵੇਰਕਾ ਡੇਅਰੀ ਵ੍ਹਾਈਟਨਰ ਤੋਂ 10 ਕਿਲੋ ਤਰਲ ਦੁੱਧ ਬਣਾਇਆ ਜਾ ਸਕਦਾ ਹੈ। ਇਸਦੇ 5 ਗ੍ਰਾਮ ਸੈਚੇ ਦੀ ਕੀਮਤ 2 ਰੁਪਏ, 10 ਗ੍ਰਾਮ ਦੀ ਕੀਮਤ 4 ਰੁਪਏ ਅਤੇ 20 ਗ੍ਰਾਮ ਦੀ ਕੀਮਤ 8 ਰੁਪਏ ਰੱਖੀ ਗਈ ਹੈ ਜੋ ਕਿ ਆਪਣੇ ਬਾਕੀਆਂ ਨਾਲੋਂ ਬਹੁਤ ਕਿਫਾਇਤੀ ਹੈ। ਵੇਰਕਾ ਡੇਅਰੀ ਵ੍ਹਾਈਟਨਰ ਦੀ ਖਾਸ ਵਿਸ਼ੇਸਤਾ ਇਸ ਦੀ ਉਚ ਘੁਲਣਸ਼ੀਲਤਾ ਹੈ ਜੋ ਕਿ ਚਾਹ, ਦੁੱਧ, ਸੇਕ ਆਦਿ ਪੀਣ ਵਾਲੇ ਪਦਾਰਥ ਨੂੰ ਸੰਘਣਾ ਅਤੇ ਗਾੜਾ ਬਣਾਉਦਾ ਹੈ ਅਤੇ ਪੀਣ ਵਾਲੇ ਪਦਾਰਥਾਂ ਨੂੰ ਦੁੱਧ ਦਾ ਅਸਲੀ ਸਵਾਦ ਅਤੇ ਖੁਸ਼ਬੂ ਦਿੰਦਾ ਹੈ।