ਮਿਸ਼ਨ ਫਤਿਹ 2.0 ਤਹਿਤ ਮਾਸ ਮੀਡੀਆ ਟੀਮਾਂ ਪਿੰਡਾਂ ਦੇ ਲੋਕਾਂ ਨੂੰ ਕਰ ਰਹੀਆਂ ਹਨ ਜਾਗਰੂਕ

ਲੁਧਿਆਣਾ, 20 ਮਈ,2021 ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਨੇ ਮਿਸ਼ਨ ਫਤਿਹ 2.0 (ਕੋਰੋਨਾ ਮੁਕਤ ਪਿੰਡ ਮੁਹਿੰਮ) ਸ਼ੁਰੂ ਕੀਤੀ ਹੈ ਕਿਉਂਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਪੇਂਡੂ ਖੇਤਰਾਂ ਨੂੰ ਵਧੇਰੇ ਪ੍ਰਭਾਵਿਤ ਕਰ ਰਹੀ ਹੈ। ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡਾਂ ਨੂੰ ਕੋਰੋਨਾ ਤੋਂ ਮੁਕਤੀ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ।
ਇਸ ਬਾਰੇ ਵਿਚਾਰ ਸਾਂਝੇ ਕਰਦਿਆਂ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਗਿੱਲ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਅਤੇ ਇਸ ਸਥਿਤੀ ਦੇ ਮੱਦੇਨਜ਼ਰ, ਸਾਡੀਆਂ ਮਾਸ ਮੀਡੀਆ ਟੀਮਾਂ ਅਤੇ ਸੀ.ਐਚ.ਓ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ. ਉਨ੍ਹਾਂ ਕਿਹਾ ਕਿ ਬੁਖਾਰ, ਖੰਘ ਅਤੇ ਸਾਹ ਦੀ ਤਕਲੀਫ ਵਰਗੇ ਲੱਛਣਾਂ ਦੀ ਜਾਂਚ ਲਈ ਪਿੰਡਾਂ ਵਿੱਚ ਆਸ਼ਾ ਵਰਕਾਰਾਂ ਦੀ ਸਹਾਇਤਾ ਨਾਲ ਘਰ-ਘਰ ਜਾ ਕੇ ਸਰਵੇਖਣ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਸਰਵੇਖਣ ਲਈ ਸਾਰੀਆਂ ਆਸ਼ਾ ਵਰਕਰਾਂ ਨੂੰ ਪਲਸ ਆਕਸੀਮੀਟਰ ਵੀ ਮੁਹੱਈਆ ਕਰਵਾਏ ਜਾਣਗੇ।
ਉਹਨਾਂ ਨੇ ਅੱਗੇ ਕਿਹਾ ਕਿ ਵਿਭਾਗ ਦਾ ਮਾਸ ਮੀਡੀਆ ਵਿੰਗ ਟੀਕਾਕਰਨ ਬਾਰੇ ਅਫਵਾਹਾਂ/ਗਲਤ ਜਾਣਕਾਰੀ ਨੂੰ ਦੂਰ ਕਰਨ ਅਤੇ ਟੀਕਾਕਰਨ ਤੋਂ ਝਿੱਜਕ ਨੂੰ ਘਟਾਉਣ ਲਈ ਬਲਾਕ ਦੇ ਸਾਰੇ ਪਿੰਡਾਂ ਦਾ ਦੌਰਾ ਕਰੇਗਾ ਅਤੇ ਪੇਂਡੂ ਲੋਕਾਂ ਨੂੰ ਸਰਕਾਰ ਦੇ ਸਹਿਕਾਰੀ ਰੋਕਥਾਮ ਉਪਾਵਾਂ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੂਕ ਕਰੇਗਾ।
ਉਨ੍ਹਾਂ ਕਿਹਾ ਕਿ ਸਾਰੇ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ), ਸਿਹਤ ਤੰਦਰੁਸਤੀ ਕੇਂਦਰ (ਐਚ.ਡਬਲਯੂ.ਸੀ) ਅਤੇ ਉਪ-ਕੇਂਦਰਾਂ ਨੂੰ ਰੈਪਿਡ ਐਂਟੀਜੇਨ ਕਿੱਟਾਂ, ਮਿਸ਼ਨ ਫਤਿਹ ਕਿੱਟਾਂ, ਪੀ.ਪੀ.ਈ. ਕਿੱਟਾਂ, ਪਲਸ ਆਕਸੀਮੀਟਰਜ਼, ਡਿਜੀਟਲ ਥਰਮਾਮੀਟਰ, ਸੈਨੀਟਾਈਜ਼ਰਸ, ਮਾਸਕ ਅਤੇ ਕੋਈ ਹੋਰ ਵਸਤੂ ਜੋ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਜ਼ਰੂਰੀ ਹੈ, ਪ੍ਰਦਾਨ ਕੀਤੇ ਜਾਣਗੇ। ਉਹਨਾਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੀ ਮਾਸ ਮੀਡੀਆ ਟੀਮਾਂ, ਸੀ.ਐਚ.ਓਜ਼, ਆਸ਼ਾ ਅਤੇ ਹੋਰ ਮੈਡੀਕਲ ਸਟਾਫ ਨੂੰ ਪੰਜਾਬ ਤੋਂ ਕੋਰੋਨਾ ਦੇ ਖਾਤਮੇ ਲਈ ਸਹਿਯੋਗ ਕਰਨ।

Spread the love