ਮਿਸ਼ਨ ਫ਼ਤਹਿ-02 ਤਹਿਤ ਕਰੋਨਾ ਨੂੰ ਮਾਤ ਦੇਣ ਲਈ ਵੈਕਸੀਨੇਸ਼ਨ ਮੁਹਿੰਮ ਜ਼ੋਰਾਂ ‘ਤੇ : ਡਾ. ਗੀਤਾਂਜਲੀ ਸਿੰਘ

ਨਵਾਂਸ਼ਹਿਰ, 1 ਅਗਸਤ 2021 ਮਿਸ਼ਨ ਫ਼ਤਹਿ-02 ਤਹਿਤ ਕਰੋਨਾ ਵਾਇਰਸ ਨੂੰ ਮਾਤ ਦੇਣ ਲਈ ਵੈਕਸੀਨੇਸ਼ਨ ਮੁਹਿੰਮ ਜ਼ੋਰਾਂ ‘ਤੇ ਹੈ ਅਤੇ ਇਸੇ ਕੜੀ ਤਹਿਤ ਪ੍ਰਾਇਮਰੀ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਮਿੰਨੀ ਪੀ.ਐੱਚ.ਵੀ. ਜੱਬੋਵਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਯੋਗ ਵਿਅਕਤੀਆਂ ਦਾ ਕੋਵਿਡ ਰੋਕੂ ਟੀਕਾਕਰਨ ਕੀਤਾ ਗਿਆ।

ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਅੱਜ ਸਿਹਤ ਬਲਾਕ ਮੁਜੱਫਰਪੁਰ ਅਧੀਨ 18 ਸਾਲ ਤੋਂ ਵੱਧ ਉਮਰ ਦੇ ਕੁੱਲ 335 ਯੋਗ ਵਿਅਕਤੀਆਂ ਨੂੰ ਟੀਕੇ ਲਗਾਏ ਗਏ। ਬਲਾਕ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾਤਾਰ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ, ਜਿਸ ਦਾ ਲੋਕਾਂ ਨੂੰ ਅੱਗੇ ਵੱਧ ਕੇ ਲਾਹਾ ਲੈਣਾ ਚਾਹੀਦਾ ਹੈ। ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਫਵਾਹ ਉਤੇ ਯਕੀਨ ਕੀਤੇ ਬਿਨਾਂ ਇਹ ਵੈਕਸੀਨ ਲਗਵਾਈ ਜਾਵੇ।

ਡਾ. ਸਿੰਘ ਨੇ ਇਸ ਮੌਕੇ ਬਲਾਕ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਖੁਦ ਵੀ ਵੈਕਸੀਨ ਲਗਵਾਉਣ ਤੇ ਅੱਗੇ ਹੋਰਨਾਂ ਨੂੰ ਵੀ ਵੱਧ ਤੋਂ ਵੱਧ ਵੈਕਸੀਨ ਲਗਵਾਉਣ ਲਈ ਪ੍ਰੇਰਨ।

ਇਸ ਨਾਲ ਜਿੱਥੇ ਕਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ ਤੇ ਨਾਲ ਹੀ 100 ਫ਼ੀਸਦੀ ਵੈਕਸੀਨੇਸ਼ਲ ਦਾ ਟੀਚਾ ਪੂਰਾ ਕਰਨ ਵਿੱਚ ਮਦਦ ਮਿਲੇਗੀ, ਉੱਥੇ ਜੇ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਆਈ ਤਾਂ ਉਸ ਦਾ ਵੀ ਟਾਕਰਾ ਮਜ਼ਬੂਤੀ ਨਾਲ ਕੀਤਾ ਜਾ ਸਕੇਗਾ।

Spread the love