ਮਿਸ਼ਨ ਫ਼ਤਹਿ -02 ਤਹਿਤ ਜਿ਼ਲ੍ਹੇ ਵਿਚ ਕੋਵਿਡ ਸੈਂਪਲਿੰਗ ਅਤੇ ਘਰ ਘਰ ਸਕਰੀਨਿੰਗ ਦਾ ਕੰਮ ਸਫ਼ਲਤਾ ਪੂਰਵਕ ਕੀਤਾ ਜਾ ਰਿਹਾ ਹੈ : ਵਧੀਕ ਡਿਪਟੀ ਕਮਿਸ਼ਨਰ

ਆਸ਼ਾ ਵਰਕਰਾਂ ਸਮੇਤ ਸਿਹਤ ਟੀਮਾਂ ਨੇ ਜ਼ਿਲ੍ਹੇ ਤਕਰੀਬਨ 1.5 ਲੱਖ ਘਰਾਂ ਵਿਚ ਫੇਰੀ ਪਾਈ ਅਤੇ 6.86 ਲੱਖ ਤੋਂ ਵੱਧ ਵਿਅਕਤੀਆਂ ਦੀ ਕੀਤੀ ਸਕਰੀਨਿੰਗ
ਆਮ ਲੋਕਾਂ ਦੇ ਕੰਮ-ਕਾਜ ਦੀ ਸਹੁਲਤਾਂ ਲਈ ਸੇਵਾ ਕੇਂਦਰਾਂ ਦਾ ਸਮਾਂ ਹੁਣ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਕੀਤਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਭ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਅਫ਼ਵਾਹ ਉਤੇ ਯਕੀਨ ਕੀਤਿਆਂ ਅੱਗੇ ਵੱਧ ਕੇ ਕਰਵਾਈ ਜਾਵੇ ਕੋਵਿਡ ਵੈਕਸੀਨੇਸ਼ਨ
ਐਸ.ਏ.ਐਸ ਨਗਰ, 10 ਜੂਨ 2021
ਕੋਰੋਨਾ ਨੂੰ ਮਾਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਮਿਸ਼ਨ ਫ਼ਤਿਹ-2 ਮੁਹਿੰਮ ਤਹਿਤ ਜਿ਼ਲ੍ਹਾ ਐਸ.ਏ.ਐਸ. ਨਗਰ ਵਿਚ ਕੋਵਿਡ ਸੈਂਪਲਿੰਗ ਅਤੇ ਘਰ ਘਰ ਸਕਰੀਨਿੰਗ ਦਾ ਕੰਮ ਸਫ਼ਲਤਾਪੂਰਵਕ ਕੀਤਾ ਜਾ ਰਿਹਾ ਹੈ। ਇਹ ਮੁਹਿੰਮ ਜਿ਼ਲ੍ਹੇ ਦੇ ਤਿੰਨੇ ਸਿਹਤ ਬਲਾਕਾਂ-ਘੜੂੰਆਂ, ਡੇਰਾਬੱਸੀ ਅਤੇ ਬੂਥਗੜ੍ਹ ਦੇ ਪਿੰਡਾਂ ਵਿਚ ਚਲਾਈ ਗਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ, ਫੇਸਬੁੱਕ ਜ਼ਰੀਏ ਜ਼ਿਲ੍ਹਾ ਵਾਸੀਆਂ ਨਾਲ ਗੱਲਬਾਤ ਕਰਦਾ ਸਾਂਝੀ ਕੀਤੀ । ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਸਮੇਤ ਸਿਹਤ ਟੀਮਾਂ ਨੇ ਜਿ਼ਲ੍ਹੇ ਦੇ ਤਕਰੀਬਨ 1.5 ਲੱਖ ਘਰਾਂ ਵਿਚ ਫੇਰੀ ਪਾਈ ਹੈ ਅਤੇ 6.86 ਤੋਂ ਵੱਧ ਵਿਅਕਤੀਆਂ ਦੀ ਸਕਰੀਨਿੰਗ ਕੀਤੀ। ਸਰਪੰਚਾਂ, ਪੰਚਾਂ ਅਤੇ ਆਮ ਲੋਕਾਂ ਨੂੰ ਸਿਹਤ ਟੀਮਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁਲ 7180 ਰੈਪਿਡ ਐਂਟੀਜ਼ਨ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 328 ਵਿਅਕਤੀ ਪਾਜ਼ੇਟਿਵ ਨਿਕਲੇ। ਜਿਸਦਾ ਲਾਭ ਇਹ ਰਿਹਾ ਕਿ ਉਨ੍ਹਾਂ ਦਾ ਸਮੇਂ ਸਿਰ ਇਲਾਜ ਅਤੇ ਇਕਾਂਤਵਾਸ ਯਕੀਨੀ ਬਣਾਇਆ ਗਿਆ ਅਤੇ ਹੋਰਨਾਂ ਨੂੰ ਲਾਗ ਤੋਂ ਬਚਾਉਣਾ ਸੰਭਵ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 67,616 ਕਰੋਨਾ ਮਰੀਜ਼ ਮਿਲੇ ਹਨ, ਜਿਨ੍ਹਾਂ ਵਿੱਚੋਂ 65,461 ਮਰੀਜ਼ ਠੀਕ ਹੋ ਗਏ ਅਤੇ 1,145 ਕੇਸ ਐਕਟੀਵ ਹਨ । ਜਦਕਿ 1,010 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਸਬੰਧੀ 361 ਬੈਡ ਖਾਲੀ ਹਨ, ਜੇ ਕਿਤੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਫੌਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਸਕਦਾ ਹੈ। ਹਰ ਦਿੱਕਤ ਫੌਰੀ ਦੂਰ ਕੀਤੀ ਜਾਵੇਗੀ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਸਥਾਨਕ ਫ਼ੇ਼ਜ਼-6 ਵਿਚ ਕੋਵਿਡ ਮਰੀਜ਼ਾਂ ਲਈ ਲੈਵਲ-01 ਕੋਵਿਡ ਕੇਅਰ ਸੈਂਟਰ ਖੋਲ੍ਹਿਆ ਗਿਆ ਹੈ ਤੇ ਇਸ ਕੇਂਦਰ ਵਿਚ ਸ਼ੁਰੂ ਚ 20 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਸੀ ਜੋ ਹੁਣ ਵਧਾਕੇ 120 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਮਰੀਜ਼ਾਂ ਦੀ ਜਲਦ ਸਿਹਤਯਾਬੀ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਇਥੇ ਡਾਕਟਰ ਤੇ ਨਰਸਿੰਗ ਸਟਾਫ਼ ਮਰੀਜ਼ਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਟੈਸਟਿੰਗ ਵਧਾਈ ਗਈ ਹੈ ਤੇ ਸਰਕਾਰ ਦੇ ਉਪਰਾਲਿਆਂ ਸਦਕਾ ਕਰੋਨਾ ਦੇ ਮਾਮਲੇ ਹੁਣ ਘਟਣੇ ਸ਼ੁਰੂ ਹੋ ਚੁੱਕੇ ਹਨ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਆਮ ਲੋਕਾਂ ਦੇ ਕੰਮ-ਕਾਜ ਦੀ ਸਹੁਲਤਾਂ ਲਈ ਸੇਵਾ ਕੇਂਦਰਾਂ ਦਾ ਸਮਾਂ ਹੁਣ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ ਅਤੇ ਹੁਣ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ। ਬਿਨਾਂ ਅਗਾਊਂ ਪ੍ਰਵਾਨਗੀ ਦੇ ਵੀ ਸੇਵਾਵਾਂ ਲੈਣ ਲਈ ਸੇਵਾ ਕੇਂਦਰ ‘ਚ ਆਇਆ ਜਾ ਸਕਦਾ ਹੈ ਅਤੇ ਪਹਿਲਾਂ ਅਗਾਊਂ ਮੁਲਾਕਾਤ ਦਾ ਸਮਾਂ ਲੈਕੇ ਆਉਣ ਦੀ ਸਹੂਲਤ ਵੀ ਜਾਰੀ ਰਹੇਗੀ। ਕੁਝ ਕਾਊਂਟਰ ਅਗਾਊਂ ਪ੍ਰਵਾਨਗੀ ਲੈਕੇ ਆਉਣ ਵਾਲਿਆਂ ਲਈ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਕਰਫ਼ਿਊ ਜਾਂ ਤਾਲਾਬੰਦੀ ਹਟਾ ਲਏ ਜਾਣ ਜਾਂ ਢਿੱਲਾਂ ਦਿਤੇ ਜਾਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਇਹ ਬੀਮਾਰੀ ਖ਼ਤਮ ਹੋ ਗਈ ਹੈ। ਜੇ ਅਸੀਂ ਥੋੜੇ ਜਿਹੇ ਵੀ ਲਾਪਰਵਾਹ ਜਾਂ ਅਵੇਸਲੇ ਹੋਏ ਤਾਂ ਇਹ ਬੀਮਾਰੀ ਮੁੜ ਗੰਭੀਰ ਰੂਪ ਧਾਰ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਕੋਰੋਨਾ ਕੇਸਾਂ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਕੋਰੋਨਾ ਸਬੰਧੀ ਸਾਰੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਾਉਣ, ਵਾਰ ਵਾਰ ਹੱਥ ਧੋਣ ਅਤੇ ਸੋਸ਼ਲ ਡਿਸਟੈਂਸ ਰੱਖਣ ਦੀ ਪਾਲਣਾ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਕਈ ਲੋਕ ਕਰੋਨਾ ਤੋਂ ਬਚਾਅ ਸਬੰਧੀ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਸਬੰਧੀ ਕਾਨੂੰਨ ਮੁਤਾਬਕ ਕਾਰਵਾਈ ਵੀ ਕੀਤੀ ਜਾ ਰਹੀ ਹੈ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਸਖ਼ਤੀ ਕੀਤੀ ਜਾ ਰਹੀ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁੱਲ ਬਖ਼ਸ਼ਿਆ ਨਹੀਂ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਵੱਖ ਵੱਖ ਥਾਵਾਂ ਉੱਤੇ ਮਾਸਕ ਪਹਿਨਣ, ਸਮਾਜਕ ਦੂਰੀ ਸਬੰਧੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਜਿਨ੍ਹਾਂ ਲੋਕਾਂ ਨੂੰ ਕਰੋਨਾ ਦੇ ਮੱਦੇਨਜ਼ਰ ਇਕਾਂਤਵਾਸ ਕੀਤਾ ਗਿਆ ਹੈ, ਉਹਨਾਂ ਦੀ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਸ੍ਰੀਮਤੀ ਜੈਨ ਨੇ ਸਮੂਹ ਜ਼ਿਲ੍ਹਾ ਵਾਸੀ ਇਸ ਗੱਲ ਵੱਲ ਧਿਆਨ ਦੇਣ ਲਈ ਆਖਿਆ ਕਿ ਇਹ ਪਾਬੰਦੀਆਂ ਲੋਕਾਂ ਦੀ ਭਲਾਈ ਲਈ ਹੀ ਹਨ। ਇਹਨਾਂ ਦੀ ਪਾਲਣਾ ਕਰ ਕੇ ਕਰੋਨਾ ਨੂੰ ਮਾਤ ਦੇਣ ਵਿੱਚ ਪੰਜਾਬ ਸਰਕਾਰ ਨੂੰ ਸਹਿਜੋਗ ਦਿੱਤਾ ਜਾਵੇ। ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾਵੇ।
ਇਨ੍ਹਾਂ ਦੇ ਨਾਲ ਨਾਲ ਇੱਕ ਚੀਜ਼ ਜਿਹੜੀ ਸਭ ਤੋਂ ਅਹਿਮ ਹੈ, ਉਹ ਹੈ ਕੋਵਿਡ ਵੈਕਸੀਨੇਸ਼ਨ। ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਖ ਵੱਖ ਥਾਵਾਂ ਉਤੇ ਵੈਕਸੀਨੇਸ਼ਨ ਜਾਰੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਭ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਅਫ਼ਵਾਹ ਉਤੇ ਯਕੀਨ ਕੀਤਿਆਂ ਅੱਗੇ ਵੱਧ ਕੇ ਕੋਵਿਡ ਵੈਕਸੀਨੇਸ਼ਨ ਕਰਵਾਈ ਜਾਵੇ। ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਅੱਗੇ ਆ ਕੇ ਵੱਧ ਤੋਂ ਵੱਧ ਕੈਂਪ ਲਗਾਕੇ ਵੈਕਸੀਨੇਸ਼ਨ ਕਰਨ ਚ ਸਰਕਾਰ ਨੂੰ ਸਹਿਯੋਗ ਦੇਣ। ਉਨ੍ਹਾਂ ਇਹ ਵੀ ਦੱਸਿਆ ਕਿ ਕਰੋਨਾ ਦਾ ਤੀਜਾ ਫੇਜ਼ ਆਵੇ ਚਾਹੇ ਨਾ ਆਵੇ ਪਰ ਪੰਜਾਬ ਸਰਕਾਰ ਵੱਲੋਂ ਆਪਣੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

 

Spread the love