ਸਰਵੇਖਣ ਦਾ ਕੰਮ ਜਾਰੀ-ਐੱਸ.ਐੱਮ.ਓ.
ਘਰ ਘਰ ਜਾ ਕੇ ਇਕੱਠੀ ਕੀਤੀ ਜਾ ਰਹੀ ਹੈ ਜਾਣਕਾਰੀ- ਡਾ. ਸੰਜੇ ਗੋਇਲ
ਸੰਗਰੂਰ, 28 ਮਈ 2021
ਪੇਂਡੂ ਇਲਾਕਿਆਂ ਵਿੱਚ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮਿਸ਼ਨ ਫ਼ਤਿਹ 2.0 ਤਹਿਤ ਸਰਵੇਖਣ ਦਾ ਕੰਮ ਸੁਰੂ ਹੋ ਚੁਕਿਆ ਹੈ, ਜਿਸ ਵਿੱਚ ਆਸ਼ਾ ਵਰਕਰ ਘਰ-ਘਰ ਜਾ ਕੇ ਕਰੋਨਾਵਾਇਰਸ ਨਾਲ ਜੁੜੇ ਲੱਛਣਾਂ ਦਾ ਡਾਟਾ ਇਕੱਠੇ ਕਰ ਰਹੀਆਂ ਹਨ, ਤਾਂ ਜੋ ਕੋਵਿਡ ਮਰੀਜਾਂ ਦੀ ਜਲਦੀ ਪਛਾਣ ਕਰ ਕੇ ਤੁਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਪੀ.ਐੱਚ.ਸੀ. ਅਮਰਗੜ ਡਾ. ਸੰਜੇ ਗੋਇਲ ਨੇ ਦਿੱਤੀ।
ਡਾ. ਸੰਜੇ ਗੋਇਲ ਨੇ ਦੱਸਿਆ ਕਿ ਸਰਵੇਖਣ ਦੌਰਾਨ ਆਸ਼ਾ ਵੱਲੋਂ ਕੋਵਿਡ-19 ਦੇ ਲੱਛਣਾਂ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਉਪਰੰਤ ਉਨ੍ਹਾਂ ਦੇ ਨਮੂਨੇ ਲੈਣ ਲਈ ਵਿਭਾਗ ਵੱਲੋਂ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਰੈਪਿਡ ਐਂਟੀਜਨ ਟੈਸਟ ਦੀ ਵੀ ਸੁਵਿਧਾ ਉਨ੍ਹਾਂ ਦੇ ਘਰ ਦੇ ਨੇੜੇ ਹੀ ਉਪਲੱਬਧ ਕਰਵਾਈ ਜਾ ਰਹੀ ਹੈ ਤਾਂ ਜੋ ਮਰੀਜ਼ ਨੂੰ ਰਿਪੋਰਟ ਦਾ ਨਤੀਜਾ ਤੁਰੰਤ ਪਤਾ ਲੱਗ ਸਕੇ।
ਕੋਵਿਡ-19 ਨੋਡਲ ਅਧਿਕਾਰੀ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਆਸ਼ਾ ਵਰਕਰ ਪਿੰਡਾਂ ਦੇ ਜ਼ਮੀਨੀ ਹਾਲਾਤਾਂ ਨਾਲ ਜੁੜੀ ਹੋਈਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਹਿਮ ਭੁਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਆਸ਼ਾ ਵਰਕਰ, ਆਸ਼ਾ ਫੈਸੀਲੀਟੇਟਰ ਕੰਮ ਕਰ ਰਹੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਸ਼ਾ ਵਰਕਰਾਂ ਨੂੰ ਸਹੀ ਜਾਣਕਾਰੀ ਦੇਣ ਤਾਂ ਜੋ ਕੋਰੋਨਾ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ।