ਬਰਨਾਲਾ, 20 ਮਈ, 2021:
ਮਿਸਨ ਤੰਦਰੁਸਤ ਪੰਜਾਬ ਤਹਿਤ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਕਮਿਸ਼ਨਰ ਫੂਡ ਸੇਫਟੀ ਪੰਜਾਬ ਵੱਲੋਂ ਲੋਕਾਂ ਨੂੰ ਮਿਆਰੀ ਅਤੇ ਗੁਣਵਤਾ ਭਰਪੂਰ ਖਾਣ ਵਾਲੇ ਪਦਾਰਥ ਯਕੀਨੀ ਬਣਾਉਣ ਦੇ ਮਕਸਦ ਨਾਲ ਫੂਡ ਸੇਫਟੀ ਟੈਸਟਿੰਗ ਵੈਨ ਬਰਨਾਲਾ ਵਿਖੇ ਭੇਜੀ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ.ਹਰਿੰਦਰਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਵੈਨ ਪੰਜਾਬ ਸਰਕਾਰ ਦੁਆਰਾ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਮਾਪਣ (ਚੈੱਕ ਕਰਨ) ਲਈ ਭੇਜੀ ਗਈ ਹੈ, ਤਾਂ ਜੋ ਕੋਈ ਵੀ ਵਿਕਤੀ ਲੋਕਾਂ ਨੂੰ ਘਟੀਆ ਖਾਣ -ਪੀਣ ਵਾਲੇ ਪਦਾਰਥ ਵੇਚ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ। ਇਹ ਫੂਡ ਸੇਫਟੀ ਵੈਨ ਜ਼ਿਲ੍ਹਾ ਸਿਹਤ ਅਫ਼ਸਰ ਡਾ.ਜਸਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਜਿਲ੍ਹਾ ਬਰਨਾਲਾ ਦੇ ਸਹਿਰਾਂ ਪਿੰਡਾਂ, ਗਲੀ ਮੁਹੱਲਿਆਂ ਵਿੱਚ ਜਾ ਕੇ ਖਾਣ-ਪੀਣ ਵਾਲੇ ਪਦਾਰਥ ਜਿਵੇਂ ਪਾਣੀ,ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਮੱਖਣ,ਪਨੀਰ,ਖੋਆ,ਘਿਓ,ਖਾਣ ਵਾਲੇ ਤੇਲ,ਮਸਾਲੇ,ਹਲਦੀ,ਮਿਰਚ ਅਤੇ ਮਠਿਆਈ ਆਦਿ ਖਾਣ ਵਾਲੇ ਪਦਾਰਥ ਚੈੱਕ ਕਰੇਗੀ।
ਫੂਡ ਸੇਫਟੀ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਵੈਨ ਵਿੱਚ ਟੈਸਟ ਕਰਨ ਲਈ ਟੀਮ ਲਗਾ ਦਿੱਤੀ ਗਈ ਹੈ ਜੋ 50 ਰੁਪੈ ਪ੍ਰਤੀ ਸੈਂਪਲ ਦੇ ਹਿਸਾਬ ਨਾਲ ਟੈਸਟ ਕਰੇਗੀ। ਇਸ ਸਮੇਂ ਕੁਲਦੀਪ ਸਿੰਘ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ, ਗੁਰਤੇਜ ਸਿੰਘ ਅਤੇ ਲਾਡੀ ਹਾਜ਼ਰ ਸਨ।