ਜ਼ਿਲ੍ਹਾ ਪ੍ਰਸ਼ਾਸਨ ਕਣਕ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ-ਕਿਸਾਨ ਫਸਲ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ
ਗੁਰਦਾਸਪੁਰ, 23 ਅਪ੍ਰੈਲ ( ) ਜ਼ਿਲ੍ਹਾ ਮੰਡੀ ਅਫਸਰ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦੋ ਦਿਨਾਂ ਤੋਂ ਮੌਸਮ ਖਰਾਬ ਹੋਣ ਕਾਰਨ ਤੇ ਬੀਤੀ ਰਾਤ ਤੋਂ ਮੀਂਹ ਪੈਣ ਕਾਰਨ ਮੰਡੀਆਂ ਵਿਚ ਫਸਲ ਦੀ ਆਮਦ ਰੁਕੀ ਹੈ ਪਰ ਅਗਲੇ ਦਿਨਾਂ ਵਿਚ ਮੰਡੀਆਂ ਵਿਚ ਕਣਕ ਦੀ ਆਮਦ ਵਧੇਗੀ, ਜਿਸ ਸਬੰਧੀ ਮੰਡੀਆਂ ਵਿਚ ਫਸਲ ਖਰੀਦਣ ਲਈ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿਚ ਸਾਫ ਸਫਾਈ ਕੀਤੀ ਗਈ ਹੈ ਅਤੇ ਬਾਰਸ਼ ਦੇ ਪਾਣੀ ਨੂੰ ਮੰਡੀਆਂ ਤੋਂ ਬਾਹਰ ਕੱਢਿਆ ਗਿਆ ਤਾਂ ਜੋ ਫਸਲ ਦੀ ਖਰੀਦ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਨਾ ਹੀ ਉਨਾਂ ਦੱਸਿਆ ਕਿ ਮੰਡੀਆਂ ਵਿਚ ਕਣਕ ਨੂੰ ਸੰਭਾਲਣ ਲਈ ਤਰਪਾਲਾਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਲਾ ਮੰਡੀ ਅਫਸਰ ਨੇ ਅੱਗੇ ਦੱਸਿਆ ਕਿ ਮੀਂਹ ਕਾਰਨ ਮੰਡੀਆਂ ਵਿਚ ਫਸਲ ਦੀ ਚੁਕਾਈ ਵੀ ਪ੍ਰਭਾਵਿਤ ਹੋਈ ਹੈ ਪਰ ਹੁਣ ਮੌਸਮ ਸਾਫ ਹੋ ਰਿਹਾ ਹੈ ਤੇ ਖਰੀਦੀ ਗਈ ਫਸਲ ਚੁਕਾਈ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗਿੱਲੀ ਕਣਕ ਵੱਢਣ ਤੋਂ ਗੁਰੇਜ ਕਰਨ ਅਤੇ ਸੁੱਕੀ ਫਸਲ ਹੀ ਮੰਡੀਆਂ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਕਣਕ ਦਾ ਦਾਣਾ-ਦਾਣਾ ਖਰੀਦ ਕੀਤਾ ਜਾਵੇਗਾ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਕਣਕ ਦੀ ਖਰੀਦ ਦੇ ਨਾਲ ਫਸਲ ਦੀ ਅਦਾਇਗੀ ਵੀ ਵਿਚ ਨਿਸ਼ਚਿਤ ਸਮੇਂ ਅੰਦਰ ਕੀਤੀ ਗਈ ਹੈ ਅਤੇ ਮਾਰਕਿਟ ਕਮੇਟੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦੀ ੋਕਈ ਸਮੱਸਿਆ ਨਾ ਆਵੇ।
ਉਨਾਂ ਅੱਗੇ ਦੱਸਿਆ ਕਿ ਮੌਸਮ ਦੀ ਖਰਾਬੀ ਕਾਰਨ ਬੀਤੇ ਕੱਲ੍ਹ ਕਰੀਬ 2 ਹਜ਼ਾਰ ਮੀਟਰਕ ਟਨ ਕਣਕ ਦੀ ਹੀ ਆਮਦ ਹੋਈ ਸੀ। ਜਿਲੇ ਦੀਆਂ ਮੰਡੀਆਂ ਵਿਚ ਕੁਲ 210306 ਮੀਟਰਕ ਟਨ ਕਣਕ (22 ਅਪ੍ਰੈਲ ਤਕ) ਦੀ ਆਮਦ ਹੋਈ ਹੈ, ਜਿਸ ਵਿਚੋਂ 196207 ਮੀਟਰਕ ਟਨ ਦੀ ਖਰੀਦ ਕੀਤੀ ਗਈ। ਪਨਗਰੇਨ ਵਲੋਂ 62052 ਮੀਟਰਕ ਟਨ, ਮਾਰਕਫੈੱਡ ਵਲੋਂ 51883 ਮੀਟਰਕ ਟਨ, ਪਨਸਪ ਵਲੋਂ 43160 ਮੀਟਰਕ ਟਨ, ਵੇਅਰਹਾਊਸ ਵਲੋਂ 25645 ਅਤੇ ਐਫ.ਸੀ.ਆਈ ਵਲੋਂ 13467 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜ਼ਿਲੇ ਅੰਦਰ 5 ਲੱਖ 15 ਹਜ਼ਾਰ 94 ਮੀਟਰਕ ਟਨ ਕਣਕ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ। ਉਨਾਂ ਨੇ ਅੱਗੇ ਦੱਸਿਆ ਕਿ ਮੰਡੀਆਂ ਵਿਚ 26 ਫੀਸਦ ਕਣਕ ਦੀ ਚੁਕਾਈ ਹੋ ਚੁੱਕੀ ਹੈ ਅਤੇ ਮੌਸਮ ਦੀ ਖਰਾਬੀ ਕਾਰਨ ਚੁਕਾਈ ਵਿਚ ਕਮੀ ਆਈ ਹੈ। ਕਿਸਾਨਾਂ ਨੂੰ 50 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।