ਕਿਹਾ, ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਮੂਹ ਵਰਗਾਂ ਦੇ ਸਹਿਯੋਗ ਦੀ ਲੋੜ
ਫਿਰੋਜ਼ਪੁਰ 26 ਜੂਨ 2021 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਵਰਚੁਅਲ ਸਮਾਗਮ ਰਾਹੀਂ ਰਾਜ ਦੇ ਵੱਖ ਵੱਖ ਲੋਕੇਸ਼ਨਾਂ ਤੋਂ ਅਧਿਕਾਰੀਆਂ,ਵਿਦਿਆਰਥੀਆਂ, ਜਨਤਕ ਨੁਮਾਇੰਦਿਆਂ ਤੇ ਆਮ ਲੋਕਾਂ ਨੂੰ ਸੰਬੋਧਨ ਕੀਤਾ । ਇਸ ਸਬੰਧੀ ਜ਼ਿਲਾ ਪੱਧਰੀ ਸਮਾਗਮ ਵਿਚ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਗੁਰਪਾਲ ਸਿੰਘ ਚਾਹਲ ਅਤੇ ਐਸ.ਐਸ.ਪੀ. ਸ੍ਰੀ. ਭਾਗੀਰਥ ਮੀਨਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।
ਰਾਜ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਾਖੋਰੀ ਅਤੇ ਨਸ਼ਾ ਤਸਕਰੀ ਇੱਕ ਵਿਸ਼ਵ ਵਿਆਪੀ ਵਰਤਾਰਾ ਬਣ ਚੁੱਕਾ ਹੈ ਅਤੇ ਸਾਡੇ ਦੇਸ਼ ਅਤੇ ਸੂਬੇ ਵਿੱਚੋਂ ਇਸ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ਤੇ ਜਾਗਰੂਕਤਾ ਮੁਹਿੰਮ ਅਤੇ ਪੁਲਿਸ ਰਾਹੀਂ ਗਤੀਵਿਧੀਆਂ ਤੋਂ ਇਲਾਵਾ ਨਸ਼ਾ ਤਸਕਰਾਂ ਵਿਰੁੱਧ ਵੱਡੀ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਅਣ ਮਨੁੱਖੀ ਵਰਤਾਰੇ ਨੂੰ ਰੋਕਣ ਲਈ ਸਮੂਹ ਵਰਗਾਂ ਦੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ। ਉਨਾਂ ਇਸ ਮੌਕੇ ਰਾਜ ਨੂੰ ਨਸ਼ਾ ਮੁਕਤ ਕਰਨ ਵਾਸਤੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਸਖ਼ਤ ਕਾਰਵਾਈ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸਮਾਜ ਨੂੰ ਘੁਣ ਵਾਂਗ ਲੱਗੇ ਨਸ਼ਿਆਂ ਦੇ ਖਾਤਮੇ ਲਈ ਸਾਡੇ ਸਾਰਿਆਂ ਦੇ ਠੋਸ ਉਪਰਾਲੇ ਇਕ ਤੰਦਰੁਸਤ, ਸੁਰੱਖਿਅਤ ਅਤੇ ਅਗਾਂਹਵਧੂ ਪੰਜਾਬ ਦੀ ਸਿਰਜਣਾ ਲਈ ਸਹਾਈ ਹੋਣਗੇ।
ਇਸ ਸਮਾਗਮ ਨੂੰ ਵਰਚੂਅਲ ਢੰਗ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜਾਖੜ, ਕੈਬਨਿਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ,ਡੀ .ਜੀ. ਪੀ ਸ੍ਰੀ ਦਿਨਕਰ ਗੁਪਤਾ, ਐਂਟੀ ਡਰੱਗ ਕੰਪੇਨ ਦੇ ਸਟੇਟ ਨੋਡਲ ਅਫਸਰ ਸ੍ਰੀ ਰਾਹੁਲ ਤਿਵਾੜੀ ਸਮੇਤ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਨਸ਼ਿਆਂ ਦੇ ਖਾਤਮੇ ਲਈ ਵੱਖ ਵੱਖ ਵਿਭਾਗਾਂ, ਪੰਜਾਬ ਸਰਕਾਰ ਵੱਲੋਂ ਕੀਤੇ ਜਾ ਜਾ ਰਹੇ ਉਪਰਾਲਿਆਂ ਅਤੇ ਗਤੀਵਿਧੀਆਂ ਦੀ ਵਿਸੇਸ ਤੌਰ ਤੇ ਜਾਣਕਾਰੀ ਦਿੱਤੀ ।