ਤੀਰਥ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਨੂੰ ਦਿੱਤੇ ਗਏ ਤੀਰਥ ਯਾਤਰਾ ਦੇ ਬੈਗ
ਹੁਣ ਤੱਕ ਜ਼ਿਲ੍ਹਾ ਬਰਨਾਲਾ ਤੋਂ 400 ਲੋਕ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਲੈ ਚੁੱਕੇ ਹਨ ਲਾਹਾ, ਗੁਰਮੀਤ ਸਿੰਘ ਮੀਤ ਹੇਅਰ
ਬਰਨਾਲਾ, 7 ਜਨਵਰੀ 2024
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਹਲਕੇ ਕੇ ਯਾਤਰੀਆਂ ਦੀ ਬੱਸ ਰਵਾਨਾ ਹੋਈ। ਜ਼ਿਲ੍ਹਾ ਬਰਨਾਲਾ ਦੇ 400 ਦੇ ਕਰੀਬ ਲੋਕ ਹੁਣ ਤੱਕ ਇਸ ਸਕੀਮ ਦਾ ਲਾਹਾ ਲੈ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਯਾਤਰੀ ਵੱਖ ਵੱਖ ਧਾਰਮਿਕ ਥਾਂਵਾਂ ਦੀ ਯਾਤਰਾ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਕੈਬੀਨੇਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਸਤੇ ਮੁਫ਼ਤ ਸਫ਼ਰ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ। ਇਸ ਸਕੀਮ ਤਹਿਤ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਦਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ 17 ਦਸੰਬਰ 2023 ਤੋਂ ਲੈ ਕੇ ਹੁਣ ਤੱਕ 9 ਧਾਰਮਿਕ ਥਾਵਾਂ ਉੱਤੇ ਯਾਤਰਾ ਜਾ ਚੁੱਕੇ ਹਨ। ਇਨ੍ਹਾਂ ਵਿੱਚ ਹਲਕਾ ਬਰਨਾਲਾ, ਹਲਕਾ ਮਹਿਲ ਕਲਾਂ ਅਤੇ ਹਲਕਾ ਭਦੌੜ ਦੀ ਯਾਤਰੀ ਸ਼ਾਮਲ ਹਨ।
ਸਕੀਮ ਤਹਿਤ ਯਾਤਰੀ ਸਾਲਾਸਰ ਬਾਲਾ ਜੀ, ਖਾਟੂ ਸ਼ਾਮ ਜੀ, ਮਾਤਾ ਨੈਣਾ ਦੇਵੀ, ਸ਼੍ਰੀ ਚਿੰਤਪੂਰਨੀ, ਮਾਤਾ ਜਵਾਲਾ ਜੀ, ਸ਼੍ਰੀ ਆਨੰਦਪੁਰ ਸਾਹਿਬ, ਸ੍ਰੀ ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਹਨ। ਇਸ ਮੌਕੇ ਬੱਸ ‘ਤੇ ਜਾਣ ਵਾਲੇ ਯਾਤਰੀਆਂ ਦਾ ਮੈਡੀਕਲ ਚੈਕਅੱਪ ਵੀ ਕੀਤਾ ਗਿਆ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਵਾਲੇ ਬੈਗ ਜਿਸ ਵਿੱਚ ਲੋੜੀਂਦੀਆਂ ਵਸਤੂਆਂ ਹਨ ਉਹ ਯਾਤਰੀਆਂ ਨੂੰ ਦਿੱਤੀਆਂ ਗਈਆਂ ਹਨ।