ਸਰਕਾਰੀ ਕਾਲਜਾਂ ’ਚ ਦਾਖ਼ਲੇ ਲਈ ਵਿਦਿਆਰਥੀ “ਆਨਲਾਈਨ ਦਾਖਲਾ ਪੋਰਟਲ” ਰਾਹੀਂ ਘਰ ਬੈਠੇ ਹੀ ਕਰ ਸਕਣਗੇ ਅਪਲਾਈ-ਡਿਪਟੀ ਕਮਿਸ਼ਨਰ
ਡਿਜ਼ੀਟਲ ਯੁੱਗ ਦੇ ਹਾਣ ਦੀਆਂ ਸੇਵਾਵਾਂ ਦੇਣ ਲਈ ਸੂਬਾ ਸਰਕਾਰ ਦਾ ਬਹੁਤ ਵੱਡਾ ਉਪਰਾਲਾ-ਡਾ. ਧਰਮਬੀਰ ਅਗਨੀਹੋਤਰੀ
ਤਰਨ ਤਾਰਨ, 19 ਅਗਸਤ 2021
ਨਾਗਰਿਕ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਲੋਕਾਂ ਨੰੁ ਬਿਨ੍ਹਾਂ ਕਿਸੇ ਖੱਜਲ-ਖੁਆਰੀ ਦੇ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇੱਕ ਆਨਲਾਈਨ ਸਮਾਗਮ ਰਾਹੀਂ “ਹੈਲਪਲਾਈਨ 1100” ਅਤੇ ਸਰਕਾਰੀ ਕਾਲਜਾਂ ਵਿਚ ਦਾਖਲੇ ਲਈ “ਰਾਜ ਦਾਖਲਾ ਪੋਰਟਲ” ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਪੰਚਾਇਤ ਵਿਭਾਗ ਦੇ ਮੰਤਰੀ ਸ:ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਸੁਵਿਧਾਵਾਂ ਰਾਜ ਦੇ ਲੋਕਾਂ ਲਈ ਵਰਦਾਨ ਸਿੱਧ ਹੋਣਗੀਆਂ। ਮੁੱਖ ਸਕੱਤਰ ਸ੍ਰਮਤੀ ਵਿਨੀ ਮਹਾਜਨ ਨੇ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਤੰਤਰ ਵਧੇਰੇ ਪ੍ਰਭਾਵੀ ਤਰੀਕੇ ਨਾਲ ਕੰਮ ਕਰ ਸਕੇਗਾ।
ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਤੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਆਨਲਾਈਨ ਮਾਧਿਅਮ ਰਾਹੀਂ ਸ਼ਿਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੇ ਗਏ ‘ਰਾਜ ਦਾਖ਼ਲਾ ਪੋਰਟਲ’ ਰਾਹੀਂ ਪੂਰੇ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਕਾਲਜਾਂ ’ਚ ਦਾਖ਼ਲੇ ਲਈ ਵਿਦਿਆਰਥੀ ਇਸ ਪੋਰਟਲ ਜ਼ਰੀਏ ਘਰ ਬੈਠੇ ਹੀ ਅਪਲਾਈ ਕਰ ਸਕਣਗੇ। ਉਨਾਂ ਦੱਸਿਆ ਕਿ ਇਸ ਪੋਰਟਲ ਨੂੰ ਡਿਜੀਲਾਕਰ ਨਾਲ ਲਿੰਕ ਕੀਤਾ ਗਿਆ ਹੈ, ਜਿਸ ‘ਚੋਂ ਸਬੰਧਤ ਵਿਦਿਆਰਥੀ ਆਨਲਾਈਨ ਹੀ ਆਪਣੇ ਲੋੜੀਂਦੇ ਦਸਤਾਵੇਜ਼ ਦਾਖ਼ਲੇ ਲਈ ਅਪਲੋਡ ਕਰ ਸਕੇਗਾ।
ਉਨਾਂ ਕਿਹਾ ਕਿ ਇਸ ਪ੍ਰਕਿਰਿਆ ’ਚ ਕਿਸੇ ਵੀ ਦਸਤਾਵੇਜ਼ ਦੇ ਨਿੱਜੀ ਤਸਦੀਕੀਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਇਹ ਪੋਰਟਲ ਮੋਬਾਇਲ ਉੱਪਰ ਵੀ ਚਲਾਇਆ ਜਾ ਸਕਦਾ ਹੈ, ਜਿਸ ਰਾਹੀਂ ਵਿਦਿਆਰਥੀ ਅੰਡਰ ਗ੍ਰੇਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਪਹਿਲੇ ਸਾਲ ਆਨਲਾਇਨ ਦਾਖਲਾ ਲੈ ਸਕਦਾ ਹੈ।
ਇਸ ਤੋਂ ਇਲਾਵਾ “ਏਕੀਕ੍ਰਿਤ ਰਾਜ ਹੈਲਪਲਾਈਨ 1100” ਜ਼ਰੀਏ ਵੀ ਹੁਣ ਨਾਗਰਿਕਾਂ ਲਈ ਸਰਕਾਰ ਦੀਆਂ ਗ਼ੈਰ-ਐਮਰਜੈਂਸੀ ਸੇਵਾਵਾਂ ਤੱਕ ਸੁਖਾਲੀ ਪਹੁੰਚ ਬਣਾਉਣ ਹਿੱਤ ਇੱਕ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ’ਤੇ ਕਾਲ ਕਰਕੇ ਕੋਈ ਵੀ ਨਾਗਰਿਕ ਸੇਵਾਵਾਂ ਬਾਰੇ ਆਮ ਗੱਲਾਂ ਤੋਂ ਲੈ ਕੇ ਲਾਭ ਲੈਣ ਤੱਕ ਪੂਰੀ ਜਾਣਕਾਰੀ ਹਾਸਲ ਕਰ ਸਕੇਗਾ।
ਉਨਾਂ ਦੱਸਿਆ ਕਿ ਇਸ ਨੰਬਰ ’ਤੇ ਸ਼ਿਕਾਇਤ ਅਤੇ ਸੇਵਾ ਪ੍ਰਬੰਧਨ ਲਈ ਕੇਂਦਰੀ ਪਲੇਟਫ਼ਾਰਮ ਬਣਾਇਆ ਗਿਆ ਹੈ ਜਿਸ ਦਾ ਅਸਲ ਮਕਸਦ ਕੁਸ਼ਲ ਪ੍ਰਸ਼ਾਸਨ ਹੈ। ਉਨਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਰਾਹੀਂ ਸ਼ਿਕਾਇਤਾਂ ਦੀ ਅਸਲ ਜਾਣਕਾਰੀ ਤੋਂ ਇਲਾਵਾ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੈਨੂਅਲ ਫ਼ਾਈਲ ਪ੍ਰੋਸੈਸਿੰਗ ਦੇ ਖ਼ਾਤਮੇ ਨੂੰ ਤਰਜੀਹ ਦਿੱਤੀ ਗਈ ਹੈ।
ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ‘ਡਿਜ਼ੀਟਲ ਪੰਜਾਬ’ ਵੱਲ ਨਿਵੇਕਲੀਆਂ ਪਹਿਲਕਦਮੀਆਂ ਸਾਬਤ ਹੋਣਗੀਆਂ, ਕਿਉਂਕਿ ਕੋਵਿਡ ਮਹਾਂਮਾਰੀ ਦੇ ਔਖੇ ਵੇਲੇ ਇੱਕ ਕਾਲ ਜਾਂ ਇੱਕ ਕਲਿੱਕ ਜ਼ਰੀਏ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਕਿਸੇ ਵੀ ਵਿਅਕਤੀ ਦੇ ਸਰੀਰਕ ਸੰਪਰਕ ’ਚ ਆਏ ਬਗੈਰ ਲੈ ਸਕਣਗੇ।ਉਨਾਂ ਨੇ ਕਿਹਾ ਕਿ ਡਿਜ਼ੀਟਲ ਯੁੱਗ ਦੇ ਹਾਣ ਦੀਆਂ ਸੇਵਾਵਾਂ ਦੇਣ ਲਈ ਸੂਬਾ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ।
ਉਨਾਂ ਕਿਹਾ ਕਿ ਰਾਜ ਦਾਖ਼ਲਾ ਪੋਰਟਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਦੇ ਨਾਲ-ਨਾਲ ਉਨਾਂ ਦੀ ਸੁਰੱਖਿਆ ਯਕੀਨੀ ਬਣਾਉਣ ’ਚ ਵੱਡੀ ਮਦਦ ਕਰੇਗਾ ਕਿਉਕਿ ਦਾਖ਼ਲਿਆਂ ਮੌਕੇ ਹੀ ਕਾਲਜਾਂ ’ਚ ਵਧੇਰੇ ਇਕੱਠ ਹੋਣ ਦੀ ਸੰਭਾਵਨਾ ਹੁੰਦੀ ਹੈ।