ਜ਼ਿਲਾ ਬਰਨਾਲਾ ਵਿਚ 67,191 ਲਾਭਪਾਤਰੀਆਂ ਨੂੰ ਮਿਲੇਗਾ ਲਾਭ: ਕੇਵਲ ਸਿੰਘ ਢਿੱਲੋਂ
ਜ਼ਿਲਾ ਪੱਧਰੀ ਸਮਾਗਮ ਦੌਰਾਨ 80 ਦੇ ਕਰੀਬ ਲਾਭਪਾਤਰੀਆਂ ਨੂੰ ਵੰਡੇ ਚੈੱਕ
ਜ਼ਿਲੇ ਦੇ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ 10.07 ਕਰੋੜ ਦੀ ਰਾਸ਼ੀ ਪੈਨਸ਼ਨਾਂ ਦੇ ਰੂਪ ’ਚ ਮਿਲੇਗੀ
ਬਰਨਾਲਾ, 31 ਅਗਸਤ 2021
ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਪੈਨਸ਼ਨ ਵਿੱਚ 750 ਰੁਪਏ ਤੋਂ 1500 ਰੁਪਏ ਦਾ ਵਾਧਾ ਪਹਿਲੀ ਜੁਲਾਈ ਤੋਂ ਕੀਤਾ ਗਿਆ ਹੈ, ਜਿਸ ਦੇ ਲਾਭਪਾਤਰੀਆਂ ਨੂੰ ਚੈੱਕ ਵੰਡਣ ਦੀ ਸ਼ੁਰੂਆਤ ਅੱਜ ਸੂਬਾ ਪੱਧਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੂਅਲ ਸਮਾਗਮ ਦੌਰਾਨ ਕੀਤੀ ਗਈ।
ਇਸ ਮੌਕੇ ਆਨਲਾਈਨ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੈਨਸ਼ਨ 500 ਤੋਂ ਵਧਾ ਕੇ 750 ਅਤੇ ਹੁਣ 1500 ਰੁਪਏ ਕਰ ਦਿੱਤੀ ਗਈ ਹੈ, ਜੋ ਉਨਾਂ ਦੇ ਸਿੱਧੇ ਬੈੈਂਕ ਖਾਤਿਆਂ ਵਿਚ ਪਾਉਣ ਦੀ ਵਿਵਸਥਾ ਕੀਤੀ ਹੋਈ ਹੈ। ਉਨਾਂ ਦੱਸਿਆ ਕਿ ਸੂਬੇ ਵਿਚ 27 ਲੱਖ ਲਾਭਪਾਤਰੀ ਵਧੀ ਹੋਈ ਪੈਨਸ਼ਨ ਦਾ ਲਾਭ ਲੈ ਰਹੇ ਹਨ ਤੇ ਇਹ ਰਕਮ 400 ਕਰੋੜ ਰੁਪਏ ਪ੍ਰਤੀ ਮਹੀਨਾ ਬਣਦੀ ਹੈ।
ਇਸ ਮੌਕੇ ਉਨਾਂ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇਣ ਦੀ ਸ਼ੁਰੂਆਤ ਚੈੱਕ ਵੰਡ ਕੇ ਕੀਤੀ। ਇਸ ਮੌਕੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ, ਪੰਜਾਬ ਅਰੁਣਾ ਚੌਧਰ ਵੀ ਹਾਜ਼ਰ ਸਨ।
ਇਸ ਮਗਰੋਂ ਜ਼ਿਲਾ ਪੱਧਰੀ ਪੈਨਸ਼ਨ ਵੰਡ ਸਮਾਗਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਸ਼ਾਮਲ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਹਾਜ਼ਰ ਰਹੇ। ਇਸ ਮੌਕੇ ਸ. ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਰਾਸ਼ੀ ਦੁੱਗਣੀ ਕਰਨ ਨਾਲ ਲੋੜਵੰਦਾਂ ਨੂੰ ਵੱਡੀ ਰਾਹਤ ਮਿਲੇਗੀ, ਜਿਸ ਲਈ ਉਹ ਸਰਕਾਰ ਦੇ ਧੰਨਵਾਦੀ ਹਨ। ਉਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਾਏ ਜਾ ਰਹੇ ਹਨ, ਉਥੇ ਹਰ ਲੋੜਵੰਦ ਵਰਗ ਦੀ ਆਰਥਿਕ ਖੁਸ਼ਹਾਲੀ ਲਈ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨਾਂ ਆਖਿਆ ਕਿ ਜ਼ਿਲਾ ਬਰਨਾਲਾ ਵਿਚ 67,191 ਲਾਭਪਾਤਰੀਆਂ ਦੀ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕੀਤੀ ਗਈ ਹੈ ਤੇ ਇਹ ਰਕਮ 10.07 ਕਰੋੜ ਰੁਪਏ ਬਣਦੀ ਹੈ।
ਉਨਾਂ ਵਧੀ ਹੋਈ ਪੈਨਸ਼ਨ ਰਾਸ਼ੀ ਵੰਡਣ ਦੀ ਸ਼ੁਰੂਆਤ ਤਿੰਨੇ ਬਲਾਕਾਂ ਦੇ ਤਿੰਨ ਪਿੰਡਾਂ ਠੁੱਲੀਵਾਲ (ਬਰਨਾਲਾ), ਸੱਦੋਵਾਲ (ਮਹਿਲ ਕਲਾਂ) ਤੇ ਮੌੜ ਮਕਸੂਦਾਂ (ਸਹਿਣਾ) ਤੋਂ ਕੀਤੀ। ਇਸ ਮੌਕੇ 80 ਦੇ ਕਰੀਬ ਲਾਭਪਾਤਰੀਆਂ ਨੂੰ ਲਗਭਗ 1.20 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਮੌਕੇ ’ਤੇ ਦਿੱਤੇ ਗਏ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਬੀਬੀ ਸੁਰਿੰਦਰ ਕੌਰ ਬਾਲੀਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮੱਖਣ ਸ਼ਰਮਾ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ, ਸੀਡੀਪੀਓ ਰਤਿੰਦਰਪਾਲ ਕੌਰ, ਬੀਡੀਪੀਓ ਬਰਨਾਲਾ ਸੁਖਦੀਪ ਸਿੰਘ, ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ, ਮੁਕੇਸ਼ ਕੁਮਾਰ, ਪਿੰਡਾਂ ਦੇ ਸਰਪੰਚ, ਪੰਚ ਤੇ ਲਾਭਪਾਤਰੀ ਹਾਜ਼ਰ ਸਨ।
ਵੰਡੀ ਜਾ ਹਰਿਆਲੀਆਂ: ਡਿਪਟੀ ਕਮਿਸ਼ਨਰ ਵੱਲੋਂ ਪੌਦੇ ਵੰਡਣ ਦੀ ਪਹਿਲ
ਪੈਨਸ਼ਨ ਵੰਡ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਬਰਨਾਲਾ ਦੀ ਪਹਿਲ ਸਦਕਾ ਲਾਭਪਾਤਰੀਆਂ ਨੂੰ ਚੈੱਕ ਦੇ ਨਾਲ ਨਾਲ ਪੌਦੇ ਵੀ ਵੰਡੇ ਗਏ। ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਹਰ ਨਾਗਰਿਕ ਦਾ ਵਾਤਾਵਰਣ ਪ੍ਰਤੀ ਸੰਜੀਦਾ ਹੋਣਾ ਜ਼ਰੂਰੀ ਹੈ, ਜਿਸ ਵਾਸਤੇ ਹੋਰ ਪਹਿਲਕਦਮੀਆਂ ਦੇ ਨਾਲ ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਹਰਿਆਵਲ ਮੁਹਿੰਮ ਵਿੱਢੀ ਗਈ ਹੈ। ਇਸੇ ਮੁਹਿੰਮ ਤਹਿਤ ਲਾਭਪਾਤਰੀਆਂ ਨੂੰ ਅੱਜ ਪੌਦੇ ਵੰਡੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਜ਼ਾਦੀ ਦਿਵਸ ਸਮਾਗਮ ਦੌਰਾਨ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਸਨਮਾਨ ਚਿੰਨਾਂ ਵਜੋਂ ਪੌਦੇ ਵੰਡੇ ਗਏ।