ਜਨ ਸ਼ਿਕਾਇਤਾਂ ਦਾ ਹੋਵੇਗਾ ਸਮਾਂਬੱਧ ਨਿਪਟਾਰਾ
ਵਿਦਿਆਰਥੀ ਰਾਜ ਦੇ ਸਰਕਾਰੀ ਕਾਲਜਾਂ ਵਿਚ ਦਾਖਲੇ ਲਈ ਘਰ ਤੋਂ ਹੀ ਕਰ ਸਕਣਗੇ ਅਪਲਾਈ
ਫਾਜ਼ਿਲਕਾ, 19 ਅਗਸਤ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਆਨਲਾਈਨ ਸਮਾਗਮ ਦੌਰਾਨ ‘1100 ਹੈਲਪਲਾਈਨ’ ਅਤੇ ਸਰਕਾਰੀ ਕਾਲਜਾਂ ਵਿਚ ਦਾਖਲੇ ਲਈ ਆਨਲਾਈਨ ਪੋਰਟਲ ਲਾਂਚ ਕੀਤਾ ਹੈ। ਇਸ ਮੌਕੇ ਉਨਾਂ ਨੇ ਕਿਹਾ ਕਿ ਡਿਜਟਿਲ ਯੁੱਗ ਦੇ ਹਾਣ ਦੀਆਂ ਸੇਵਾਵਾਂ ਦੇਣ ਲਈ ਸੂਬਾ ਸਰਕਾਰ ਦਾ ਇਹ ਵੱਡਾ ਉਪਰਾਲਾ ਹੈ।
1100 ਹੈਲਪਲਾਈਨ ਤੇ ਰਾਜ ਦੇ ਨਾਗਰਿਕ ਸਾਰੀਆਂ ਗੈਰ ਅਪਾਤ ਸੇਵਾਵਾਂ ਨਾਲ ਸਬੰਧਤ ਸ਼ਿਕਾਇਤਾਂ ਲਈ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਬਾਅਦ ਸਬੰਧਤ ਵਿਭਾਗ ਵੱਲੋਂ ਪ੍ਰਾਰਥੀ ਦੀ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ ਅਤੇ ਸ਼ਿਕਾਇਤਕਰਤਾ ਦੀ ਸਤੁੰਸ਼ਟੀ ਹੋਣ ਤੇ ਹੀ ਸ਼ਿਕਾਇਤ ਦੀ ਫਾਇਲ ਬੰਦ ਹੋਵੇਗੀ। ਇਸ ਨੰਬਰ ਤੇ ਕਿਸੇ ਵੀ ਵਿਭਾਗ ਨਾਲ ਸਬੰਧਤ ਲੋਕ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਲਈ 1100 ਨੰਬਰ ਤੇ ਕਾਲ ਕਰਨੀ ਹੋਵੇਗੀ।
ਇਸੇ ਤਰਾਂ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਐਡਮਿਸ਼ਨ ਲਈ ਪੋਰਟਲ ://…/ ਲਾਂਚ ਕੀਤਾ ਗਿਆ ਹੈ। ਇੱਥੇ ਸਨਾਤਕ ਅਤੇ ਸਨਾਤਕੋਤਰ ਕੋਰਸਾਂ ਵਿਚ ਦਾਖਲੇ ਲਈ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਦਾਖਲੇ ਲਈ ਵੱਖ ਵੱਖ ਕਾਲਜਾਂ ਵਿਚ ਭਟਕਨਾ ਨਹੀਂ ਪਵੇਗਾ ਅਤੇ ਨਾ ਹੀ ਵੱਖ ਵੱਖ ਕਾਲਜਾਂ ਦੇ ਪ੍ਰਾਸਪੈਕਟਸ ਖਰੀਦਣੇ ਪੈਣਗੇ। ਇਸ ਤੇ ਵਿਦਿਆਰਥੀਆਂ ਦੇ ਅੰਕਾਂ ਅਤੇ ਸਰਟੀਫਿਕੇਟਾਂ ਦੀ ਵੇਰੀਫਿਕੇਸ਼ਨ ਵੀ ਆਨਲਾਈਨ ਹੋ ਸਕੇਗੀ।
ਇਸ ਮੌਕੇ ਪੰਚਾਇਤ ਵਿਭਾਗ ਦੇ ਮੰਤਰੀ ਸ:ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਸੁਵਿਧਾਵਾਂ ਰਾਜ ਦੇ ਲੋਕਾਂ ਲਈ ਵਰਦਾਨ ਸਿੱਧ ਹੋਣਗੀਆਂ। ਮੁੱਖ ਸਕੱਤਰ ਸ੍ਰਮਤੀ ਵਿਨੀ ਮਹਾਜਨ ਨੇ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਤੰਤਰ ਵਧੇਰੇ ਪ੍ਰਭਾਵੀ ਤਰੀਕੇ ਨਾਲ ਕੰਮ ਕਰ ਸਕੇਗਾ।
ਓਧਰ ਜ਼ਿਲਾ ਸਦਰ ਮੁਕਾਮ ਤੋਂ ਇਸ ਸਮਾਗਮ ਵਿਚ ਜੁੜੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਦੇ ਸਰਕਾਰੀ ਕਾਲਜ ਤੋਂ ਬਿਨਾਂ ਅਬੋਹਰ, ਸੁਖਚੈਨ ਤੇ ਜਲਾਲਾਬਾਦ ਦੇ ਸਰਕਾਰੀ ਕਾਲਜਾਂ ਵਿਚ ਵੀ ਨਵੇਂ ਪੋਰਟਲ ਰਾਹੀਂ ਦਾਖਲੇ ਹੋ ਰਹੇ ਹਨ। ਅਬੋਹਰ ਅਤੇ ਸੁਖਚੈਨ ਦੇ ਸਰਕਾਰੀ ਕਾਲਜ ਵਿਚ ਬੀਏ ਦੀਆਂ ਅੱਸੀ-ਅੱਸੀ ਤੇ ਬੀਕਾਮ ਦੀਆਂ ਸਤੱਰ-ਸੱਤਰ ਸੀਟਾਂ ਹਨ। ਜਲਾਲਾਬਾਦ ਦੇ ਸਰਕਾਰੀ ਕਾਲਜ ਵਿਚ ਬੀਏ ਦੀਆਂ 80 ਅਤੇ ਬੀਕਾਮ ਦੀਆਂ 60 ਸੀਟਾਂ ਹਨ ਜਦ ਕਿ ਫਾਜ਼ਿਲਕਾ ਦੇ ਸਰਕਾਰੀ ਕਾਲਜ ਵਿਚ ਬੀਏ ਦੀਆਂ 1000, ਬੀਐਸਸੀ ਨਾਨ ਮੈਡੀਕਲ ਦੀਆਂ 40 ਅਤੇ ਬੀਸੀਏ ਦੀਆਂ 40 ਸੀਟਾਂ ਹਨ।
ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਸ੍ਰੀ ਰੂਬੀ ਗਿੱਲ, ਐਮ ਆਰ ਕਾਲਜ ਤੋਂ ਗੁਰਪ੍ਰੀਤ ਕੌਰ, ਗਵਰਨਸ ਵਿਭਾਗ ਤੋਂ ਮਨੀਸ਼ ਠੁਕਰਾਲ, ਸੇਵਾ ਕੇਂਦਰ ਇੰਚਾਰਜ ਗਗਨਦੀਪ ਸਿੰਘ, ਡੀਡੀਐਫ ਸਿਧਾਰਥ ਵੀ ਹਾਜਰ ਸਨ।