ਸਾਰੇ ਵਿਭਾਗਾਂ ਨੂੰ ਪ੍ਰਬੰਧਾਂ ਦੀ ਹਦਾਇਤ
ਫਾਜ਼ਿਲਕਾ, 2 ਸਤੰਬਰ 2021
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਵਿੱਚ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲਿਆਂ ਦੀ ਤਿਆਰੀ ਸਬੰਧੀ ਅੱਜ ਏਥੇ ਵੱਖ-ਵੱਖ ਵਿਭਾਗਾਂ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਲੱਗ ਰਹੇ 7ਵੇਂ ਮੈਗਾ ਰੋਜ਼ਗਾਰ ਮੇਲਿਆਂ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ 10 ਹਜ਼ਾਰ ਨੌਕਰੀਆਂ ਦੀ ਆਫ਼ਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਇਹ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਵਿਖੇ 14 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ. ਜਲਾਲਾਬਾਦ ਵਿਖੇ ਅਤੇ 16 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਲੜਕੇ ਅਬੋਹਰ ਵਿਖੇ ਲਗਾਇਆ ਜਾਵੇਗਾ। ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਦੇ ਇੱਛੁਕ ਨੌਜਵਾਨ www.pgrkam.com ਪੋਰਟਲ ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲਿਆਂ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਅਤੇ ਇਸ ਸਬੰਧੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਰੋਜ਼ਗਾਰ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲਿਆਂ ਵਿੱਚ ਕੋਵਿਡ ਪ੍ਰੋਟਕਾਲ ਦੀ ਪਾਲਣਾ ਕੀਤੀ ਜਾਵੇ ਅਤੇ ਮੇਲੇ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਨਾਲ ਸਬੰਧਤ ਸਕੀਮਾਂ ਸਬੰਧੀ ਵੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਬਿਨਾਂ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੀ ਕੋਚਿੰਗ ਅਤੇ ਮੇਰਾ ਕੰਮ ਮੇਰਾ ਮਾਣ ਪ੍ਰੋਗਰਾਮ ਬਾਰੇ ਵੀ ਜਾਗਰੂਕ ਕੀਤਾ ਜਾਵੇ।
ਬਾਅਦ ਵਿੱਚ ਇਕ ਵੱਖਰੀ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਭਿਜੀਤ ਕਪਿਲੇਸ਼ ਨੇ ਵੀ ਸਾਰੇ ਵਿਭਾਗਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦੇ ਵਿਭਾਗਾਂ ਨਾਲ ਜੁੜੇ ਨੌਕਰੀ ਦਾਤਾਵਾਂ ਨੂੰ ਇਨ੍ਹਾਂ ਮੇਲਿਆਂ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਜਾਵੇ।
ਬੈਠਕ ਵਿੱਚ ਸਹਾਇਕ ਕਮਿਸ਼ਨਰ ਜਨਰਲ ਕੰਵਰਜੀਤ ਸਿੰਘ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਅਫਸਰ ਸ੍ਰੀ ਕ੍ਰਿਸ਼ਨ ਲਾਲ, ਪਲੇਸਮੈਂਟ ਅਫ਼ਸਰ ਗੌਰਵ ਗੋਇਲ, ਡੀ.ਐਫ. ਐਸ.ਸੀ. ਗੁਰਪ੍ਰੀਤ ਕੰਗ ਵੀ ਹਾਜ਼ਰ ਸਨ।