ਮੋਹਾਲੀ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਘਰ ਪੁੱਜੇਗਾ ਚਲਾਨ

ਐਸ.ਏ.ਐਸ ਨਗਰ, 27 ਅਗਸਤ 2021
ਆਧੁਨਿਕੀਕਰਨ ਵੱਲ ਇਕ ਕਦਮ ਹੋਰ ਵਧਾਉਂਦਿਆਂ ਮੋਹਾਲੀ ਟਰੈਫਿਕ ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਚਲਾਨ ਭੇਜਣ ਦਾ ਤਰੀਕਾ ਅਪਣਾ ਕੇ ਟਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦਾ ਨਵਾਂ ਰਾਹ ਲੱਭਿਆ ਹੈ।
ਅੱਜ ਇੱਥੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਸ ਪੀ (ਟ੍ਰੈਫਿਕ) ਸ਼੍ਰੀ ਗੁਰਜੋਤ ਸਿੰਘ ਪੀ ਪੀ ਐਸ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਐਸ ਐਸ ਨਗਰ, ਸ਼੍ਰੀ ਸਤਿੰਦਰ ਸਿੰਘ ਦੀ ਨਿਗਰਾਨੀ ਹੇਠ, ਮੁਹਾਲੀ ਟਰੈਫਿਕ ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਵਾਸਤੇ ਵਿਆਪਕ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਅਤੇ ਆਮ ਲੋਕਾਂ ਦੀ ਸੜਕਾਂ ਉਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਐਸਏਐਸ ਨਗਰ ਦੇ ਵੱਖ-ਵੱਖ ਲਾਈਟ ਪੁਆਇੰਟਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ (ਰੈਡ ਲਾਈਟ ਜੰਪ, ਡਬਲਯੂ/ਸੀਟ ਬੈਲਟ, ਜ਼ੈਬਰਾ ਕਰਾਸਿੰਗ, ਓਵਰ ਸਪੀਡ, ਡਬਲਯੂ/ਹੈਲਮੇਟ ਆਦਿ) ਉਤੇ ਨੇੜਿਓਂ ਨਿਗਰਾਨੀ ਰੱਖਣ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਮਰਿਆਂ ਰਾਹੀਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜੇ ਜਾਣ ਤੋਂ ਬਾਅਦ, ਚਲਾਨ ਦੀਆਂ ਰਸੀਦਾਂ ਉਨ੍ਹਾਂ ਦੇ ਘਰ ਦੇ ਪਤੇ ਉਤੇ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 1 ਅਗਸਤ 2021 ਤੋਂ ਹੁਣ ਤੱਕ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜ਼ਿਲ੍ਹਾ ਐਸਏਐਸ ਨਗਰ ਦੇ ਸ਼ਹਿਰੀ ਖੇਤਰਾਂ ਵਿੱਚ ਘਰ-ਘਰ ਜਾ ਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਖਿਲਾਫ਼ ਕੁੱਲ 104 ਟਰੈਫਿਕ ਚਲਾਨ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁੱਲ 11 ਡਰਾਈਵਰਾਂ ਦੇ ਘਰ ਦੇ ਪਤੇ ਸਹੀ ਨਾ ਮਿਲਣ ਕਾਰਨ ਇਸ ਬਾਰੇ ਸਬੰਧਤ ਖੇਤਰੀ ਟਰਾਂਸਪੋਰਟ ਅਥਾਰਟੀ ਨੂੰ ਲਿਖਤੀ ਰੂਪ ਵਿੱਚ ਭੇਜਿਆ ਗਿਆ ਹੈ। ਡਰਾਈਵਰਾਂ ਦੇ ਵਾਹਨ ਜਿਨ੍ਹਾਂ ਦੇ ਘਰ ਦਾ ਪਤਾ ਗਲਤ ਰਜਿਸਟਰਡ ਪਾਇਆ ਗਿਆ ਹੈ, ਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ। ਇਸ ਲਈ ਭਵਿੱਖ ਵਿੱਚ ਜੇਕਰ ਕੋਈ ਡਰਾਈਵਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟਰੈਫਿਕ ਨਿਯਮਾਂ ਦੇ ਅਨੁਸਾਰ ਉਨ੍ਹਾਂ ਡਰਾਈਵਰਾਂ ਦੇ ਘਰ -ਘਰ ਜਾ ਕੇ ਚਲਾਨ ਕੱਟੇ ਜਾਣਗੇ।
ਸ੍ਰੀ ਗੁਰਜੋਤ ਸਿੰਘ ਨੇ ਇਹ ਵੀ ਦੱਸਿਆ ਕਿ ਟਰੈਫਿਕ ਨਿਯਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਯਮਾਂ ਦਾ ਪਾਲਣਾ ਨਾ ਕਰਨ ਕਾਰਨ ਦੇਸ਼ ਭਰ ਵਿੱਚ ਲੱਖਾਂ ਲੋਕ ਸੜਕ ਹਾਦਸਿਆਂ ਆਪਣੀਆਂ ਜਾਨਾਂ ਗਵਾ ਲੈਂਦੇ ਹਨ। ਟਰੈਫਿਕ ਐਜੂਕੇਸ਼ਨ ਸੈੱਲ, ਮੋਹਾਲੀ ਅਤੇ ਟਰੈਫਿਕ ਪੁਲਿਸ, ਮੋਹਾਲੀ ਸਮੇਂ -ਸਮੇਂ ਉਤੇ ਮੀਟਿੰਗਾਂ ਦਾ ਪ੍ਰਬੰਧ ਕਰਦੇ ਰਹੇ ਹਨ ਤਾਂ ਜੋ ਲੋਕਾਂ ਨੂੰ ਆਪਣੇ ਅਤੇ ਦੂਜਿਆਂ ਦੇ ਜੀਵਨ ਦੀ ਸੁਰੱਖਿਆ ਲਈ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

Spread the love