ਮੰਡੀਆਂ ਵਿਚ ਹੁਣ ਤੱਕ ਪੁੱਜੀ ਸਾਰੀ 223700 ਮੀਟਿ੍ਰਕ ਟਨ ਕਣਕ ਦੀ ਖ਼ਰੀਦ

*ਕਿਸਾਨਾਂ ਨੂੰ 381 ਕਰੋੜ ਰੁਪਏ ਦੀ ਕੀਤੀ ਆਨਲਾਈਨ ਅਦਾਇਗੀ
ਨਵਾਂਸ਼ਹਿਰ, 30 ਅਪ੍ਰੈਲ :
ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੀਆਂ ਮੰਡੀਆਂ ਵਿਚ ਹੁਣ ਤੱਕ ਪੁੱਜੀ ਸਾਰੀ 223700 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ ਪਨਗ੍ਰੇਨ ਵੱਲੋਂ 65907 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 51158 ਮੀਟਿ੍ਰਕ ਟਨ, ਪਨਸਪ ਵੱਲੋਂ 50588 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 26370 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 29677 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।
  ਉਨਾਂ ਦੱਸਿਆ ਕਿ ਖ਼ਰੀਦੀ ਗਈ ਕਣਕ ਲਈ ਜ਼ਿਲੇ ਵਿਚ ਹੁਣ ਤੱਕ ਕਿਸਾਨਾਂ ਨੂੰ 381.22 ਕਰੋੜ ਰੁਪਏ ਦੀ ਅਦਾਇਗੀ ਉਨਾਂ ਦੇ ਬੈਂਕ ਖਾਤਿਆਂ ਵਿਚ ਆਨਲਾਈਨ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਪਨਗ੍ਰੇਨ ਵੱਲੋਂ ਹੁਣ ਤੱਕ 118.51 ਕਰੋੜ, ਮਾਰਕਫੈੱਡ ਵੱਲੋਂ 91.82 ਕਰੋੜ, ਪਨਸਪ ਵੱਲੋਂ 88.54 ਕਰੋੜ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 48.76 ਅਤੇ ਐਫ. ਸੀ. ਆਈ ਵੱਲੋਂ 33.59 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਨਾਂ ਕਿਹਾ ਕਿ ਖ਼ਰੀਦ ਕੀਤੀ ਕਣਕ ਦੀ ਚੁਕਾਈ ਵਿਚ ਤੇਜ਼ੀ ਲਿਆਉਣ ਲਈ ਸਬੰਧਤ ਖ਼ਰੀਦ ਏਜੰਸੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਹੁਣ ਤੱਕ 127238 ਮੀਟਿ੍ਰਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਇਸ ਸਮੇਂ ਤੱਕ ਜ਼ਿਲੇ ਵਿਚ 128642 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਉਨਾਂ ਕਿਹਾ ਕਿ ਜ਼ਿਲੇ ਦੇ ਸਮੂਹ ਖ਼ਰੀਦ ਕੇਂਦਰਾਂ ਵਿਚ ਜਿਥੇ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਉਥੇ ਕੋਵਿਡ ਮਹਾਮਾਰੀ ਤੋਂ ਸੁਰੱਖਿਆ ਲਈ ਵੀ ਸਾਰੇ ਇਹਤਿਆਤ ਵਰਤੇ ਜਾਣੇ ਯਕੀਨੀ ਬਣਾਏ ਗਏ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਹੀ ਮੰਡੀਆਂ ਵਿਚ ਲਿਆਉਣ, ਤਾਂ ਜੋ ਮੌਕੇ ’ਤੇ ਹੀ ਖ਼ਰੀਦ ਹੋ ਸਕੇ।
Spread the love