ਮੰਡੀਆਂ ਵਿੱਚ ਆਉਣ ਵਾਲਿਆਂ ਤੋਂ ਕੋਰੋਨਾ ਤੋਂ ਬਚਾਅ ਸਬੰਧੀ ਸਹਿਯੋਗ ਦੀ ਮੰਗ

ਕਣਕ ਦੀ ਖ਼ਰੀਦ ਦੌਰਾਨ ਕੋਰੋਨਾ ਤੋਂ ਬਚਾਅ ਸਬੰਧੀ ਉਚੇਚੇ ਪ੍ਰਬੰਧ
ਤੈਅ ਵਿੱਥ ਉਤੇ ਲੱਗਣੀਆਂ ਫ਼ਸਲ ਦੀਆਂ ਢੇਰੀਆਂ
ਮਾਸਕ, ਹੱਥ ਧੋਣ ਅਤੇ ਸਮਾਜਕ ਵਿੱਥ ਸਬੰਧੀ ਪ੍ਰਬੰਧ ਬਣਾਏ ਜਾ ਰਹੇ ਨੇ ਯਕੀਨੀ
ਸਾਫ਼ ਸਫਾਈ ਦਾ ਵਿਸ਼ੇਸ਼ ਪ੍ਰਬੰਧ
ਐਸ. ਏ. ਐਸ. ਨਗਰ, 07 ਅਪਰੈਲ , 2021 ਜ਼ਿਲ੍ਹੇ ਵਿੱਚ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚਲੀਆਂ ਮੰਡੀਆਂ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਣਕ ਦੀ ਖ਼ਰੀਦ ਸਬੰਧੀ ਮਡੀਆਂ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸ਼੍ਰੀਮਤੀ ਸ਼ਿਫਾਲੀ ਚੋਪੜਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖ਼ਰੀਦ ਪ੍ਰਬੰਧਾਂ ਦੀ ਸਮੀਖਿਆ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਹੀ ਜ਼ਿਲ੍ਹੇ ਵਿਚਲੀਆਂ ਪੱਕੀਆਂ ਮੰਡੀਆਂ ਦੇ ਨਾਲ ਨਾਲ ਆਰਜ਼ੀ ਮੰਡੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਮੰਡੀਆਂ ਵਿੱਚ ਭੀੜ ਨਾ ਹੋਵੇ। ਇਸ ਦੇ ਨਾਲ ਨਾਲ ਮੰਡੀਆਂ ਵਿੱਚ ਮਾਰਕਿੰਗ ਤਹਿਤ ਫ਼ਸਲ ਦੀਆਂ ਢੇਰੀਆਂ ਤੈਅ ਵਿੱਥ ਉਤੇ ਹੀ ਲਗਵਾਈਆਂ ਜਾਣਗੀਆਂ ਤਾਂ ਜੋ ਸਮਾਜਕ ਵਿੱਥ ਯਕੀਨੀ ਬਣਾਈ ਜਾ ਸਕੇ।
ਇਸ ਦੇ ਨਾਲ ਨਾਲ ਮੰਡੀਆਂ ਵਿੱਚ ਹੱਥ ਥੋਣ, ਮਾਸਕ ਅਤੇ ਸਾਫ਼ ਸਫ਼ਾਈ ਦਾ ਉਚੇਚਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮੰਡੀਆਂ ਵਿੱਚ ਬਿਜਲੀ ਤੇ ਲਾਈਟਾਂ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਲਾਗਤਾਰ ਮੰਡੀਆਂ ਵਿੱਚ ਵਿਚਰ ਕੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਨੇ ਕਿਸਾਨਾਂ, ਆੜ੍ਹਤੀਆਂ ਸਮੇਤ ਹਰ ਉਸ ਵਿਅਕਤੀ, ਜਿਸ ਨੇ ਮੰਡੀਆਂ ਵਿੱਚ ਆਉਣਾ ਹੈ ਜਾਂ ਖ਼ਰੀਦ ਨਾਲ ਸਬੰਧਤ ਹੈ, ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਇਨ ਬਿਨ ਪਾਲਣਾ ਯਕੀਨੀ ਬਨਾਉਣ ਤਾਂ ਜੋ ਉਨ੍ਹਾਂ ਦਾ ਖੁਦ ਦਾ ਵੀ ਕੋਰੋਨਾ ਤੋਂ ਬਚਾਅ ਹੋ ਸਕੇ ਤੇ ਕੋਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਕਣਕ ਦੀ ਖ਼ਰੀਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ।
ਕੈਪਸ਼ਨ: ਜ਼ਿਲ੍ਰਾ ਖੁਰਾਕ ਸਪਲਾਈ ਕੰਟਰੋਲਰ ਕਣਕ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ।
Spread the love