ਮੰਡੀ ਪੰਜੇ ਕੇ ਉਤਾੜ ਵਿਖੇ ਆਮ ਆਦਮੀ ਕਲੀਨਿਕ ਦੀ ਲੈਬੋਟਰੀ ਦੀ ਛੱਤ ਦੇ ਡਿੱਗੇ ਸੀਮਿੰਟ ਅਤੇ ਫਾਲ ਸੀਲਿੰਗ ਦੇ ਮਾਮਲੇ ਵਿਚ ਤੁਰੰਤ ਕੀਤੀ ਕਾਰਵਾਈ

Rajwinder Kaur
ਮੰਡੀ ਪੰਜੇ ਕੇ ਉਤਾੜ ਵਿਖੇ ਆਮ ਆਦਮੀ ਕਲੀਨਿਕ ਦੀ ਲੈਬੋਟਰੀ ਦੀ ਛੱਤ ਦੇ ਡਿੱਗੇ ਸੀਮਿੰਟ ਅਤੇ ਫਾਲ ਸੀਲਿੰਗ ਦੇ ਮਾਮਲੇ ਵਿਚ ਤੁਰੰਤ ਕੀਤੀ ਕਾਰਵਾਈ
–       ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਹੇਠ ਗਠਿਤ ਟੀਮ ਨੇ ਮੌਕੇ ਦਾ ਲਿਆ ਜਾਇਜ਼ਾ
–       ਲੈਬੋਟਰੀ ਦੀ ਛੱਤ ਦੇ ਡਿੱਗੇ ਸੀਮਿੰਟ ਅਤੇ ਫਾਲ਼ ਸੀਲਿੰਗ ਦੇ ਰਿਪੇਅਰ ਦਾ ਕੰਮ ਹੋਇਆ ਆਰੰਭ
–       ਮਰੀਜਾਂ ਅਤੇ ਸਿਹਤ ਅਮਲੇ ਦੀ ਸੁਰੱਖਿਆ ਨੂੰ ਹਰ ਹਾਲ ਵਿਚ ਬਣਾਇਆ ਜਾਵੇਗਾ ਯਕੀਨੀ—ਡਾ. ਰਾਜਵਿੰਦਰ ਕੌਰ

ਗੁਰੂਹਰਸਹਾਏ (ਫ਼ਿਰੋਜ਼ਪੁਰ), 20 ਅਗਸਤ 2024

ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹਰ ਨਾਗਰਿਕ ਦੀ ਜਾਨ—ਮਾਲ ਦੀ ਰਾਖੀ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਮੰਡੀ ਪੰਜੇ ਕੇ ਉਤਾੜ ਵਿਖੇ ਬੀਤੇ ਦਿਨੀਂ ਆਮ ਆਦਮੀ ਕਲੀਨਿਕ ਦੀ ਲੈਬੋਟਰੀ ਦੀ ਛੱਤ ਦਾ ਕੁੱਝ ਸੀਮਿੰਟ ਅਤੇ ਫ਼ਾਲ ਸੀਲਿੰਗ ਡਿੱਗਣ ਦੇ ਸਬੰਧ ਵਿਚ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਡਾ. ਗੁਰਮੇਜ਼ ਰਾਮ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਮੌਕੇ ’ਤੇ ਪੁੱਜ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਸਬੰਧਤ ਮਹਿਕਮੇ ਦੇ ਐਸ.ਡੀ.ਓ. ਅਤੇ ਜੇ.ਈ. ਨੂੰ ਬੁਲਾ ਕੇ ਜਲਦ ਤੋਂ ਜਲਦ ਇਸ ਇਮਾਰਤ ਦੀ ਛੱਤ ਦੇ ਡਿੱਗੇ ਸੀਮਿੰਟ ਅਤੇ ਫਾਲ ਸੀਲਿੰਗ ਦੀ ਰਿਪੇਅਰ ਕਰਵਾਉਣ ਸੰਬਧੀ ਕਰਵਾਈ ਸ਼ੁਰੂ ਕੀਤੀ ਗਈ।

ਉਨ੍ਹਾਂ ਕਿਹਾ ਕਿ ਬੇਸ਼ੱਕ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਮੁੱਖ ਮਨੋਰਥ ਹੈ ਅਤੇ ਲੋਕਾਂ ਨੂੰ ਬਿਮਾਰੀਆਂ ਦੀ ਚਪੇਟ ਵਿਚ ਆਉਣ ਤੋਂ ਬਚਾਉਣ ਲਈ ਜਿਥੇ ਸਮੇਂ—ਸਮੇਂ ਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ, ਉਥੇ ਆਮ ਆਦਮੀ ਕਲੀਨਿਕ ਰਾਹੀਂ ਘਰ ਦੇ ਕੋਲ ਹੀ ਇਲਾਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ ਹੈ ਅਤੇ ਲੋਕਾਂ ਦਾ ਇਨ੍ਹਾਂ ਕਲੀਨਿਕਾਂ ’ਤੇ ਕਾਫੀ ਵਿਸਵਾਸ਼ ਵੀ ਕਾਇਮ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਬੰਧਤ ਵਿਭਾਗ ਨੂੰ ਤੁਰੰਤ ਰਿਪੇਅਰ ਲਈ ਨਿਰਦੇਸ਼ ਦਿੱਤੇ ਗਏ ਸਨ, ਜਿਸ ਦੇ ਚਲਦਿਆਂ ਸਬੰਧਤ ਵਿਭਾਗ ਵੱਲੋਂ ਮੰਡੀ ਪੰਜੇ ਕੇ ਉਤਾੜ ਵਿਚਲੇ ਆਮ ਆਦਮੀ ਕਲੀਨਿਕ ਦੀ ਰਿਪੇਅਰ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ।

ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਹਰ ਤਰ੍ਹਾਂ ਦੀ ਬਿਮਾਰੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਲੋਕਾਂ ਨੂੰ ਬਿਮਾਰੀਆਂ ਦੇ ਲੱਛਣਾਂ ਅਤੇ ਬਚਾਓ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਆਮ ਲੋਕ ਕਿਸੇ ਵੀ ਬਿਮਾਰੀ ਦੇ ਸ਼ੁਰੂਆਤੀ ਦੌਰ ਵਿਚ ਹੀ ਡਾਕਟਰੀ ਸਹੂਲਤ ਦਾ ਲਾਹਾ ਲੈ ਸਕਣ ਅਤੇ ਇਸ ਵਿਚ ਆਮ ਆਦਮੀ ਕਲੀਨਿਕ ਆਪਣਾ ਵੱਡਮੁੱਲਾ ਯੋਗਦਾਨ ਅਦਾ ਕਰ ਰਹੇ ਹਨ। ਆਮ ਆਦਮੀ ਕਲੀਨਿਕ ਦੇ ਬਿਹਤਰੀਨ ਕਾਰਜ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਸਦਕਾ ਜ਼ਿਲ੍ਹਾ ਅਤੇ ਸਬ ਡਵੀਜਨ ’ਤੇ ਸਥਿੱਤ ਸਿਵਲ ਹਸਪਤਾਲਾਂ ਵਿਚ ਮਰੀਜਾਂ ਦਾ ਭਾਰ ਘਟਿਆ ਹੈ, ਜਦੋਂ ਕਿ ਆਮ ਆਦਮੀ ਕਲੀਨਿਕਾਂ ਵਿਚ ਮਰੀਜਾਂ ਦੀ ਰੋਜ਼ਾਨਾ ਗਿਣਤੀ ਵੱਧ ਰਹੀ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਪਹੁੰਚ ਕਰਕੇ ਵੱਧ ਤੋਂ ਵੱਧ ਸਿਹਤ ਸਹੂਲਤਾਂ ਦਾ ਲਾਹਾ ਲਿਆ ਜਾਵੇ ਤਾਂ ਜੋ ਸਰਕਾਰ ਵੱਲੋਂ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਦੇ ਸਿਰਜੇ ਸੁਪਨੇ ਨੂੰ ਸਕਾਰ ਕੀਤਾ ਜਾ ਸਕੇ।