ਕਮਿਸ਼ਨ ਉੱਤੇ ਨਹੀਂ ਬਲਕਿ ਮਿਸ਼ਨ ਉੱਤੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ, ਮੰਤਰੀ ਹਰਭਜਨ ਸਿੰਘ
ਪਿੰਡ ਖੁੱਡੀ ਕਲਾਂ, ਸੰਘੇੜਾ ‘ਚ ਵੀ ਨਵੇਂ ਬਿਜਲੀ ਗਰਿੱਡ ਉਸਾਰੇ ਜਾਣਗੇ
ਫਰਵਾਹੀ (ਬਰਨਾਲਾ), 18 ਫਰਵਰੀ 2024
ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਪਿੰਡ ਫਰਵਾਹੀ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ. ਵੀ. ਦੇ ਬਿਜਲੀ ਗਰਿੱਡ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਬੋਲਦਿਆਂ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਵਿਚ ਲੋਕਾਂ ਨੂੰ ਵਧੀਆ ਤੋਂ ਵਧੀਆ ਬੁਨਿਆਦੀ ਸੁਵਿਧਾਵਾਂ ਦਵਾਉਣ ਵੱਲ ਕੰਮ ਕੀਤਾ ਜਾ ਰਿਹਾ ਹੈ। ਸੂਬੇ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮਿਲ ਰਹੀ ਹੈ ਅਤੇ ਖੇਤੀਬਾੜੀ ਖੇਤਰ ਨੂੰ ਫਾਇਦਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਕੰਮਾਂ ਨੂੰ ਅੱਗੇ ਤੋਰਦਿਆਂ ਪਿੰਡ ਫਰਵਾਹੀ ਦੀ ਲੰਬੀ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਅੱਜ 66 ਕੇ. ਵੀ. ਬਿਜਲੀ ਦੀ ਗਰਿੱਡ ਦਾ ਨੀਂਹ ਪੱਥਰ ਰੱਖਿਆ ਗਿਆ ਹੈ ।ਉਨ੍ਹਾਂ ਦੱਸਿਆ ਕਿ 66 ਕੇ. ਵੀ. ਗਰਿੱਡ ਫਰਵਾਹੀ ਮੁੱਖ ਤੌਰ ਤੇ 66 ਕੇ. ਵੀ. ਬਰਨਾਲਾ, 66 ਕੇ. ਵੀ. ਕਰਮਗੜ ਤੇ 220 ਕੇ. ਵੀ. ਗਰਿੱਡ ਹੰਡਿਆਇਆ ਨੂੰ ਅੰਡਰਲੋਡ ਕਰੇਗਾ। ਇਸ ਗਰਿੱਡ ਉੱਪਰ 12.5 ਐੱਮ. ਵੀ. ਏ. ਦਾ ਟ੍ਰਾਂਸਫਾਰਮਰ ਲਗਾਇਆ ਜਾਵੇਗਾ ਅਤੇ ਇਸਦੀ ਸਮਰੱਥਾ ਵਿੱਚ ਲੋੜ ਅਨੁਸਾਰ ਵਾਧਾ ਕੀਤਾ ਜਾਵੇਗਾ। ਪਿੰਡ ਫਰਵਾਹੀ ਵੱਲੋਂ ਇਸ ਗਰਿੱਡ ਲਈ ਜ਼ਮੀਨ ਮੁਫ਼ਤ ਤੌਰ ‘ਤੇ ਮੁਹੱਈਆ ਕਰਵਾਈ ਗਈ ਹੈ, ਇਹ ਗਰਿੱਡ ਲੱਗਭਗ 6 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਗਰਿੱਡ ਦੇ ਬਣਨ ਨਾਲ ਫਰਵਾਹੀ, ਰਾਜਗੜ੍ਹ ਅਤੇ ਕੋਠੇ ਝੱਬਰ ਪਿੰਡਾਂ ਦੇ ਨਾਲ-ਨਾਲ ਬਰਨਾਲਾ ਸ਼ਹਿਰ ਦੇ ਨੇੜਲੇ ਖੇਤਰ ਨੂੰ ਸਿੱਧੇ ਤੌਰ ਤੇ ਲਾਭ ਹੋਵੇਗਾ।
ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸ਼ੁਰੁਆਤ ਵਿੱਚ ਇਸ ਗਰਿੱਡ ਤੋਂ 6 ਨਵੇਂ ਫੀਡਰ ਉਸਾਰੇ ਜਾਣਗੇ ਅਤੇ ਪਿੰਡ ਫਰਵਾਹੀ ਨੂੰ ਕੈਟਾਗਰੀ 1 ਫੀਡਰ ਤੋਂ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਇਲਾਕੇ ਅਧੀਨ ਨਵੀਆਂ ਉਦਯੋਗਿਕ ਅਤੇ ਵਪਾਰਕ ਇਕਾਈਆਂ ਲਈ ਇਹ ਗਰਿੱਡ ਬੇਹੱਦ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਪਿੰਡ ਖੁੱਡੀ ਕਲਾਂ ਅਤੇ ਸੰਘੇੜਾ ‘ਚ ਇਕ – ਇਕ ਗਰਿੱਡ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਤਾਂ ਜੋ ਲੋਕਾਂ, ਖਾਸਕਰ ਖੇਤੀਬਾੜੀ ਖੇਤਰ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲ ਸਕੇ।
ਉਨ੍ਹਾਂ ਕਿਹਾ ਕਿ ਮੁਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ‘ਚ ਕਮਿਸ਼ਨ ਲੈ ਕੇ ਕੰਮ ਕਰਨ ਦਾ ਦੌਰ ਖਤਮ ਹੈ ਅਤੇ ਹੁਣ ਸਰਕਾਰ ਮਿਸ਼ਨ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਾ ਸਿਰਫ 90 ਫੀਸਦੀ ਪੰਜਾਬੀਆਂ ਨੂੰ 600 ਬਿਜਲੀ ਦੇ ਯੂਨਿਟ ਮੁਫ਼ਤ ਦਿੱਤੇ ਜਾ ਰਹੇ ਹਨ, ਬਲਕਿ ਪੰਜਾਬ ਸਰਕਾਰ ਵੱਲੋਂ 540 ਮੈਗਾ ਵਾਟ ਦਾ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਖਰੀਦ ਕੇ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਸਦਕਾ ਇਸ ਵੇਲੇ ਪੰਜਾਬ ਕੋਲ 35 ਤੋਂ 40 ਦਿਨਾਂ ਤੱਕ ਦਾ ਕੋਲ ਥਰਮਲ ਪਲਾਂਟਾਂ ਲਈ ਮੌਜੂਦ ਹੈ ਜਿੱਥੇ ਪਹਿਲਾਂ ਪੰਜਾਬ ਨੂੰ ਕੋਲੇ ਦੀ ਘਾਟ ਕਾਰਣ ਬਹੁਤ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਸ ਮੌਕੇ ਓ. ਐੱਸ. ਡੀ. ਸ਼੍ਰੀ ਹਸਨਪ੍ਰੀਤ ਭਾਰਦਵਾਜ, ਡਿਪਟੀ ਚੀਫ ਇੰਜੀਨਿਅਰ ਤੇਜਪਾਲ ਬੰਸਲ, ਸੀਨੀਅਰ ਐਕਸ. ਈ. ਐੱਨ. ਅਰਸ਼ਦੀਪ ਸਿੰਘ, ਐੱਸ. ਡੀ. ਓ. ਪ੍ਰਦੀਪ ਸ਼ਰਮਾ ਅਤੇ ਹੋਰ ਲੋਕ ਵੀ ਹਾਜ਼ਰ ਸਨ।