ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਬੀਜ, ਖ਼ਾਦ ਅਤੇ ਦਵਾਈਆਂ ’ਤੇ ਮਿਲੇਗੀ ਸਬਸਿਡੀ

ਨਵਾਂਸ਼ਹਿਰ, 9 ਜੂਨ 2021
ਪੰਜਾਬ ਸਰਕਾਰ ਵੱਲੋਂ ਡਿਗਦੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਰੋਕਣ ਲਈ ਕਿਸਾਨਾਂ ਨੂੰ ਮੱਕੀ ਬੀਜ ’ਤੇ ਸਬਸਿਡੀ ਦੇਣ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਤਿਆਰ ਕੀਤੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਬੀਜ, ਖ਼ਾਦ ਅਤੇ ਦਵਾਈਆਂ ’ਤੇ ਸਬਸਿਡੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਕਿਸਾਨ ਮੱਕੀ ਦਾ ਬੀਜ ਬਲਾਕ ਦੇ ਰਜਿਸਟਰਡ ਡੀਲਰ ਰਾਹੀਂ ਖ਼ਰੀਦ ਕਰਕੇ ਸਬੰਧਤ ਬਲਾਕ ਦੇ ਖੇਤੀਬਾੜੀ ਦਫ਼ਤਰ ਵਿਖੇ ‘ਪਹਿਲਾਂ ਆਓ, ਪਹਿਲਾਂ ਪਾਓ’ ਦੀ ਨੀਤੀ ਅਨੁਸਾਰ ਆਪਣਾ ਬਿਨੇ ਪੱਤਰ ਦੇ ਨਾਲ ਅਸਲ ਬਿੱਲ ਜਮਾ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਲਏ ਫ਼ੈਸਲੇ ਅਨੁਸਾਰ ਇਕ ਕਿਲੋ ਬੀਜ ’ਤੇ 145 ਰੁਪਏ ਜਾਂ ਬੀਜ ਦੀ ਅਸਲ ਕੀਮਤ ਦਾ ਅੱਧਾ ਹਿੱਸਾ (ਦੋਵਾਂ ਵਿਚੋਂ ਜੋ ਵੀ ਘੱਟ ਹੋਵੇਗਾ) ਸਬਸਿਡੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਮੱਕੀ ਬੀਜ ’ਤੇ ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੱਕੀ ਦੀਆਂ ਸਿਫ਼ਾਰਸ਼ ਕਿਸਮਾਂ (ਐਸ 7750, ਐਸ 7720, ਪੀ. ਏ. ਸੀ 751, ਐਡਵਾਂਟਾ 9293, ਸੀ. ਪੀ 858, ਐਮ 9333, ਐਮ 9366, ਐਨ. ਐਮ. ਐਚ 8352, ਐਨ. ਐਮ. ਐਚ 4053, ਟੀ. ਐਕਸ 369, ਲਕਸ਼ਮੀ 333, ਪੀ 3396, ਪੀ 3401, ਡਿਕਾਲਬ 9164, ਐਲ. ਜੀ 3405, ਐਲ. ਜੀ 3402, ਯੁਵਰਾਜ ਗੋਲਡ, ਐਸ 7750, ਐਸ 7720, ਸੀਰੀ 4366 ਅਤੇ ਪੀ. ਐਮ. ਐਚ 13) ਉੱਤੇ ਇਕ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਏਕੜ ਤੱਕ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਜ਼ਿੰਕ ਸਲਫੇਟ ’ਤੇ ਵੀ ਸਬਸਿਡੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਜ਼ਿੰਕ ਸਲਫੇਟ ਜ਼ਿਮੀਂਦਾਰ ਮਾਰਕੀਟ ਤੋਂ ਪੂਰੀ ਕੀਮਤ ਅਦਾ ਕਰਕੇ ਖ਼ਰੀਦ ਕਰਨ ਉਪਰੰਤ ਬਿੱਲ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਨੂੰ ਜਮਾ ਕਰਵਾਏਗਾ। ਇਨਾਂ ਇਨਪੁਟਸ ’ਤੇ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਜਮਾ ਕਰਵਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਇਹ ਖੁੱਲ ਹੈ ਕਿ ਉਹ ਕਿਸੇ ਵੀ ਲਾਇਸੰਸ ਧਾਰਕ ਬੀਜ ਵਿਕਰੇਤਾ ਜਾਂ ਸਹਿਕਾਰੀ ਅਦਾਰੇ ਤੋਂ ਬੀਜ ਖ਼ਰੀਦ ਸਕਦੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਜ਼ਿਮੀਂਦਾਰ ਇਸ ਦਾ ਲਾਭ ਉਠਾਉਣਾ ਚਾਹੁੰਦੇ ਹਨ, ਉਹ ਆਪਣਾ ਬਿਨੇ ਪੱਤਰ ਪਿੰਡ ਦੇ ਸਰਪੰਚ ਤੋਂ ਤਸਦੀਕ ਕਰਵਾ ਅਤੇ ਖ਼ਰੀਦ ਕੀਤੇ ਬੀਜ, ਨਦੀਨ ਨਾਸ਼ਕ/ਕੀਟ ਨਾਸ਼ਕ ਦਾ ਬਿੱਲ, ਬੈਂਕ ਖਾਤੇ ਦੀ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਜ਼ਰੂਰ ਨੱਥੀ ਕਰਕੇ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਜਾਂ ਨੇੜਲੇ ਖੇਤੀਬਾੜੀ ਵਿਕਾਸ ਅਫ਼ਸਰ ਨੂੰ ਜਮਾ ਕਰਵਾਉਣ। ਉਨਾਂ ਕਿਹਾ ਕਿ ਆਧਾਰ ਨੰਬਰ ਤੋਂ ਬਗੈਰ ਕਿਸੇ ਵੀ ਕਿਸਾਨ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਮੀਂਦਾਰ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।
ਡਾ. ਰਾਜ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ।

Spread the love