ਰੂਪਨਗਰ 8 ਜੁਲਾਈ 2021
ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਅਤੇ ਪੀ. ਏ. ਯੂ., ਲੁਧਿਆਣਾ ਦੇ ਸਾਇੰਸਦਾਨਾਂ ਨੇ ਨੂਰਪੁਰ ਬੇਦੀ ਅਤੇ ਆਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਮੱਕੀ ਦੇ ਖੇਤਾਂ ਦੇ ਸਰਵੇਖਣ ਕੀਤਾ। ਸਰਵੇਖਣ ਦੇ ਦੌਰਾਨ ਮੱਕੀ ਵਿੱਚ ਫ਼ਾਲ ਆਰਮੀਵਰਮ ਕੀੜੇ ਦਾ ਹਮਲਾ ਕੁੱਝ ਕੁ ਖੇਤਾਂ ਵਿੱਚ ਦੇਖਿਆ ਹੈ ਜੋ ਕਿ ਹਾਲੇ ਸ਼ੁਰੂਆਤੀ ਪੱਧਰ ‘ਤੇ ਹੈ। ਉਹਨਾਂ ਨੇ ਮੱਕੀ ਉਪਰ ਫ਼ਾਲ ਆਰਮੀਵਰਮ ਕੀੜੇ ਦੇ ਹਮਲੇ ਅਤੇ ਨੁਕਸਾਨ ਤੋਂ ਬਚਣ ਲਈ ਕਿਸਾਨਾ ਨੂੰ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਨ ਲਈ ਸਲਾਹ ਦਿੱਤੀ। ਇਸ ਕੀੜੇ ਦੀ ਸੁੰਡੀ ਦੀ ਪਹਿਚਾਣ ਕਰਨ ਲਈ ਦੱਸਿਆ ਕਿ ਇਸ ਸੁੰਡੀ ਦੇ ਪਿਛਲੇ ਸਿਰੇ ਵੱਲ ਚਾਰ ਵਰਗ ਬਨਾਉਂਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਵਾਈ (Y) ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਇਸ ਕੀੜੇ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ। ਹਮਲੇ ਦੀ ਸ਼ੁਰੂਆਤ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਉਪਰ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ।ਵੱਡੀਆਂ ਸੁੰਡੀਆਂ ਪੱਤਿਆਂ ਉਪਰ ਖੇਤਰਤੀਬੇ, ਗੋਲ ਜਾਂ ਅੰਡਾਕਾਰ ਮੇਰੀਆਂ ਬਣਾਉਂਦੀਆਂ ਹਨ। ਹਮਲੇ ਵਾਲੀ ਗੋਭ ਵਿੱਚ ਭਾਰੀ ਮਾਤਰਾ ਵਿੱਚ ਇਸ ਦੀਆਂ ਤਿੰਨਾਂ ਹੁੰਦੀਆਂ ਹਨ। ਇਸ ਕੀੜੇ ਦੀ ਖ਼ਾਸ ਤੌਰ ਤੇ ਦੱਸ ਤੋਂ ਚਾਲੀ ਦਿਨਾਂ ਤੱਕ ਦੀ ਫ਼ਸਲ ਪਸੰਦੀਦਾ ਖੁਰਾਕ ਹੈ। ਇਸ ਸਮੇਂ ਕਿਸਾਨਾਂ ਨੂੰ ਇਸ ਕੀੜੇ ਦੇ ਹਮਲੇ ਪ੍ਰਤੀ ਪੂਰੀ ਤਰਾਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਫ਼ਸਲ ਦੀ ਇਹ ਅਵਸਥਾ ਕੀੜੇ ਦੇ ਹਮਲੇ ਲਈ ਅਨੁਕੂਲ ਹੈ। ਕੀੜੇ ਦਾ ਹਮਲਾ ਦਿਖਾਈ ਦੇਣ ਤੇ ਉਸੇ ਵੇਲੇ ਇਸ ਦੀ ਰੋਕਥਾਮ ਲਈ (0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 10.4 ਮਿਲੀਲਿਟਰ ਕਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜੋਏਟ) ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਅਤੇ ਇਸ ਤੋਂ ਵਡੀ ਫ਼ਸਲ ਤੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ। ਛਿੜਕਾਅ ਕਰਨ ਲਈ ਗੋਲ ਨੋਜਲ ਦੀ ਵਰਤੋਂ ਕਰ ਅਤੇ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰਖੋ, ਕਿਉਂਕਿ ਸੁੰਡੀ ਗਭ ਵਿਚ ਖਾਣਾ ਪਸੰਦ ਕਰਦੀ ਹੈ। ਚਾਰੇ ਵਾਲੀ ਫ਼ਸਲ ਤੇ ਕੋਰਾਜਨ ਦਾ ਛਿੜਕਾਅ ਕਰੋ। ਛਿੜਕਾਅ ਉਪਰੰਤ ਫ਼ਸਲ ਨੂੰ 21 ਦਿਨਾਂ ਤੱਕ ਪਸ਼ੂਆਂ ਨੂੰ ਨਾ ਚਰਾਉ। ਖੇਤ ਵਿੱਚ ਕੀੜੇ ਦਾ ਹਮਲਾ ਹੋਣ ਦੀ ਸੂਰਤ ਵਿਚ ਕਿਸਾਨ ਖੇਤੀ ਮਾਹਿਰਾਂ ਨਾਲ ਸੰਪਰਕ ਵੀ ਕਰ ਸਕਦੇ ਹਨ।