ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਥ ਦੇਣ ਗ੍ਰਾਮ ਪੰਚਾਇਤਾਂ: ਕੈਪਟਨ ਮਨਤੇਜ ਸਿੰਘ ਚੀਮਾ
ਐੱਸ ਏ ਐੱਸ ਨਗਰ, 10 ਦਸੰਬਰ 2024
ਯੁਵਕ ਸੇਵਾਵਾਂ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਨਾਂ ਅਧੀਨ ਨਸ਼ਾ ਮੁਕਤੀ ਮੁਹਿੰਮ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਲਾਈ ਜਾ ਰਹੀ ਹੈ। ਨਸ਼ਾ ਮੁਕਤੀ ਮੁਹਿੰਮ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਵੱਧ ਰਹੇ ਪ੍ਰਭਾਵ ਤੋਂ ਮੁਕਤ ਕਰਨਾ ਹੈ। ਇਸੇ ਮੁਹਿੰਮ ਸਦਕਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਬਗਿੰਡੀ ਵਿਖੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਯੁਵਕ ਸੇਵਾਵਾਂ ਕਲੱਬ ਅਤੇ ਗ੍ਰਾਮ ਪੰਚਾਇਤ ਬਗਿੰਡੀ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਕਰਵਾਇਆ ਗਿਆ। ਇਹ ਨਾਟਕ ਸਰਫਰੋਸ਼ ਰੰਗਮੰਚ ਵਲੋਂ ਪੇਸ਼ ਕੀਤਾ ਗਿਆ। ਨਾਟਕ ਦੁਆਰਾ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸ ਤਰ੍ਹਾਂ ਨਸ਼ਾ ਮਨੁੱਖ ਦੇ ਸਰੀਰ ਨੂੰ ਖੋਖਲਾ ਕਰਕੇ ਪੂਰੀ ਤਰ੍ਹਾਂ ਖਤਮ ਕਰ ਦਿੰਦਾ ਹੈ। ਨਸ਼ੇ ਤੋਂ ਬਚਾਅ ਲਈ ਜਾਗਰੂਕਤਾ ਦੀ ਲੋੜ ਹੈ ਤਾਂ ਹੀ ਇਸ ਤੋਂ ਬਚਿਆ ਜਾ ਸਕਦਾ ਹੈ।
ਕੈਪਟਨ ਮਨਤੇਜ ਸਿੰਘ ਚੀਮਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਐਸ.ਏ.ਐਸ.ਨਗਰ ਨੇ ਦੱਸਿਆ ਕਿ ਨਸ਼ਿਆਂ ਦੇ ਦਿਨੋ-ਦਿਨ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਾਗਰੂਕਤਾ ਪ੍ਰੋਗਰਾਮ, ਨੁੱਕੜ ਨਾਟਕ, ਰੈਲੀ, ਭਾਸ਼ਣ ਆਦਿ ਅਹਿਮ ਰੋਲ ਅਦਾ ਕਰਦੇ ਹਨ। ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ।
ਸਰਫਰੋਸ਼ ਰੰਗਮੰਗ ਤੇ ਯੂਥ ਕਲੱਬ ਪ੍ਰਧਾਨ ਡਾਲੀ ਸਿੰਘ ਸ਼ਾਹ, ਵਿਸ਼ਾਲ ਸਿੰਘ, ਮਨਦੀਪ ਕੁਮਾਰ ਮਨਦੀਪ ਸਿੰਘ ਲੋਟੇ, ਗੌਰਵ, ਵਰਸ਼ਦੀਪ ਸਿੰਘ, ਆਰੀਅਨ ਮਹਾਜਨ, ਸ਼ਿਵਮ ਸੂਦ ਆਦਿ ਨੇ ਆਪਣੀ ਨਾਟਕ ਦੌਰਾਨ ਕਲਾਕਾਰੀ ਪੇਸ਼ ਕੀਤੀ। ਵਿਭਾਗ ਵਲੋਂ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਸਰਫਰੋਸ਼ ਰੰਗਮੰਗ ਟੀਮ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਯੁਵਕ ਸੇਵਾਵਾਂ ਕਲੱਬ ਬਗਿੰਡੀ ਪ੍ਰਧਾਨ ਸੁੱਖੀ ਰਾਢੋੜ, ਦੀਦਾਰ ਸਿੰਘ, ਸਰਪੰਚ ਗੁਰਦੀਪ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਆਦਿ ਕਲੱਬ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।