ਨਵਾਂਸ਼ਹਿਰ, 19 ਜੁਲਾਈ 2021
ਪੰਜਾਬ ਸਰਕਾਰ ਵੱਲੋਂ ‘ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਸ ਵੈਲਫੇਅਰ ਬੋਰਡ’ ਕੋਲ ਰਜਿਸਟਰਡ ਉਸਾਰੀ ਕਾਮਿਆਂ ਦੀ ਸਹੂਲਤ ਲਈ ਉਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਸਤੇ ਸੇਵਾ ਕੇਂਦਰਾਂ ਰਾਹੀਂ ਰਜਿਸਟ੍ਰੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਹ ਸੇਵਾ ਜ਼ਿਲੇ ਦੇ ਸਮੂਹ 17 ਸੇਵਾ ਕੇਂਦਰਾਂ ਵਿਚ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਬੋਰਡ ਕੋਲ ਰਜਿਸਟਰਡ ਕਾਮੇ, ਜੋ ਕੋਵਿਡ ਪਾਜ਼ੀਟਿਵ ਆਏ ਹਨ ਜਾਂ ਉਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਵਿਡ ਪਾਜ਼ੀਟਿਵ ਆਉਣ ਕਾਰਨ ਇਕਾਂਤਵਾਸ ਵਿਚ ਰੱਖਿਆ ਗਿਆ ਹੈ, ਉਹ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਉਹ ਸਬੰਧਤ ਦਸਤਾਵੇਜ਼, ਜਿਵੇਂ ਆਧਾਰ ਕਾਰਡ, ਬੋਰਡ ਕੋਲ ਰਜਿਸਟ੍ਰੇਸ਼ਨ ਸਬੰਧੀ ਦਸਤਾਵੇਜ਼ ਅਤੇ ਕੋਵਿਡ ਪਾਜ਼ੀਟਿਵ ਹੋਣ ਦੀ ਰਿਪੋਰਟ ਆਦਿ, ਲੈ ਕੇ ਨੇੜਲੇ ਸੇਵਾ ਕੇਂਦਰ ਵਿਚ ਜਾ ਕੇ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਰਜਿਸਟ੍ਰੇਸ਼ਨ ਲਈ ਸੇਵਾ ਕੇਂਦਰਾਂ ਵਿਚ ਕੋਈ ਵੱਖਰਾ ਫਾਰਮ ਭਰ ਕੇ ਲਿਆਉਣ ਦੀ ਲੋੜ ਨਹੀਂ ਹੈ। ਉਨਾਂ ਦੱਸਿਆ ਕਿ ਇਸ ਬਦਲੇ ਸੇਵਾ ਕੇਂਦਰ ਵੱਲੋਂ 10 ਰੁਪਏ ਫੈਸਿਲਿਟੇਸ਼ਨ ਫੀਸ ਲਈ ਜਾਵੇਗੀ।
ਫੋਟੋ :-ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।