ਬਰਨਾਲਾ,22 ਜੂਨ 2021
ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸੈਸ਼ਨ 2020-21 ਦੇ ਕੌਮੀ ਪ੍ਰਤਿਭਾ ਖੋਜ਼ ਵਜੀਫਾ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚੋਂ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਪੰਜਾਬ ਦੀ ਵਿਦਿਆਰਥਣ ਪੀਨਾ ਬੇਗਮ ਵੱਲੋਂ ਸਫ਼ਲਤਾ ਹਾਸਿਲ ਕਰਕੇ ਸਕੂਲ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ।ਸਕੂਲ ਦੇ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਵੱਲੋਂ ਸੂਬੇ ਭਰ ਵਿੱਚੋਂ 116ਵਾਂ ਰੈਂਕ ਹਾਸਿਲ ਕਰਦਿਆਂ ਇਹ ਵੱਕਾਰੀ ਮੁਕਾਬਲਾ ਪ੍ਰੀਖਿਆ ਪਾਸ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਮੁਕਾਬਲਾ ਪ੍ਰੀਖਿਆ ਦੀ ਪਹਿਲੀ ਸਟੇਜ ਪਾਸ ਕਰਨ ਉਪਰੰਤ ਵਿਦਿਆਰਥਣ ਦੂਜੀ ਸਟੇਜ ਦੀ ਪ੍ਰੀਖਿਆ ਵਿੱਚ ਬੈਠੇਗੀ।ਕੌਮੀ ਪ੍ਰਤਿਭਾ ਖੋਜ਼ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਦਸਵੀਂ ਜਮਾਤ ਦੇ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠਣ ਲਈ ਯੋਗ ਹੁੰਦੇ ਹਨ।ਉਹਨਾਂ ਦੱਸਿਆ ਕਿ ਰਾਸ਼ਟਰੀ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਇਹ ਪ੍ਰੀਖਿਆ ਦੋ ਪੱਧਰਾਂ ਵਿੱਚ ਕਰਵਾਈ ਜਾਂਦੀ ਹੈ।ਪਹਿਲੇ ਪੱਧਰ ਦੀ ਪ੍ਰੀਖਿਆ ਸਮੂਹ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵੱਲੋਂ ਕਰਵਾਈ ਜਾਂਦੀ ਹੈ ਅਤੇ ਪਹਿਲੇ ਪੱਧਰ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਦੂਜੇ ਪੱਧਰ ਦੀ ਪ੍ਰੀਖਿਆ ਵਿੱਚ ਬੈਠਦੇ ਹਨ।ਪ੍ਰੀਖਿਆ ਦੇ ਸਫ਼ਲ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਦੀ ਪੂਰਤੀ ਤੱਕ ਵਜੀਫਾ ਦਿੱਤਾ ਜਾਦਾ ਹੈ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਅਤੇ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਪਹਿਲੇ ਪੱਧਰ ਦੀ ਵੱਕਾਰੀ ਮੁਕਾਬਲਾ ਪ੍ਰੀਖਿਆ ਪਾਸ ਕਰਨ ਵਾਲੀ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਦੂਜੇ ਪੱਧਰ ਦੀ ਮੁਕਾਬਲਾ ਪ੍ਰੀਖਿਆ ਵਿੱਚੋਂ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸਿੱਖਿਆ ਅਧਿਕਾਰੀਆਂ ਨੇ ਕਿਹਾ ਵਿਦਿਆਰਥਣ ਦੀ ਸਫ਼ਲਤਾ ਦਾ ਸਿਹਰਾ ਉਸ ਦੀ ਖੁਦ ਦੀ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦੇ ਨਾਲ ਨਾਲ ਮਾਪਿਆਂ ਦੀ ਪ੍ਰੇਰਨਾ ਨੂੰ ਵੀ ਜਾਂਦਾ ਹੈ।ਜਿਲ੍ਹਾ ਮੈਂਟਰਾਂ,ਬਲਾਕ ਮੈਂਟਰਾਂ, ਜਿਲ੍ਹਾ ਮੀਡੀਆ ਕੋ-ਆਰਡੀਨੇਟਰ, ਜਿਲ੍ਹਾ ਸਮਾਰਟ ਸਕੂਲ ਮੈਂਟਰ, ਵੱਖ ਵੱਖ ਵਿਸ਼ਿਆਂ ਦੇ ਜਿਲ੍ਹਾ ਰਿਸੋਰਸ ਪਰਸਨਾਂ ,ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵੀ ਵਿਦਿਆਰਥਣ, ਵਿਦਿਆਰਥਣ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਮੁਬਾਰਕਾਂ ਦਿੱਤੀਆਂ ਗਈਆਂ।