10 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਖ਼ਰੀਦ ਲਈ ਕੂਪਨ ਸਿਸਟਮ ਰਾਹੀ ਹੋਵੇਗਾ ਮੰਡੀ ‘ਚ ਦਾਖਲਾ : ਸੁਪਰਡੈਂਟ ਮਾਰਕਿਟ ਕਮੇਟੀ ਰਾਜਪੁਰਾ
ਕੋਵਿਡ-19 ਦੇ ਮੱਦੇਨਜ਼ਰ ਪੂਰੇ ਇਹਤਿਆਤ ਵਰਤੇ ਜਾਣਗੇ : ਗੁਰਦੀਪ ਸਿੰਘ
ਪਟਿਆਲਾ, 6 ਅਪ੍ਰੈਲ 2021
ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਕਣਕ ਦੀ ਸ਼ੁਰੂ ਹੋਣ ਵਾਲੀ ਸਰਕਾਰੀ ਖ਼ਰੀਦ ਲਈ ਮਾਰਕਿਟ ਕਮੇਟੀ ਰਾਜਪੁਰਾ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਮਾਰਕਿਟ ਕਮੇਟੀ ਰਾਜਪੁਰਾ ਦੇ ਸੁਪਰਡੈਂਟ ਗੁਰਦੀਪ ਸਿੰਘ ਨੇ ਦੱਸਿਆ ਕਿ ਰਾਜਪੁਰਾ ਮੰਡੀ ‘ਚ ਫ਼ਸਲ ਜ਼ਿਲ੍ਹੇ ਦੀਆਂ ਹੋਰਨਾਂ ਮੰਡੀਆਂ ਨਾਲੋਂ ਪਹਿਲਾਂ ਆਉਂਦੀ ਹੈ ਇਸ ਲਈ ਰਾਜਪੁਰਾ ਮੰਡੀ ‘ਚ ਕਿਸਾਨਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਰਾਜਪੁਰਾ ਮਾਰਕਿਟ ਕਮੇਟੀ ਦੇ ਸੁਪਰਡੈਂਟ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਰਾਜਪੁਰਾ ਮੰਡੀ ‘ਚ ਪੂਰੇ ਇਹਤਿਆਤ ਵਰਤੇ ਜਾ ਰਹੇ ਹਨ ਅਤੇ ਡਿਊਟੀ ‘ਤੇ ਤਾਇਨਾਤ ਸਟਾਫ਼ ਨੂੰ ਮੰਡੀ ‘ਚ ਟਰਾਲੀ ਦੇ ਦਾਖਲੇ ਤੋਂ ਲੈਕੇ ਕਣਕ ਦੀ ਢੁਆਈ ਅਤੇ ਵਾਪਸੀ ਤੱਕ ਦੀ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹਤਿਆਤ ਵਜੋਂ ਮੰਡੀ ‘ਚ ਦਾਖਲਾ ਕੂਪਨ ਸਿਸਟਮ ਰਾਹੀਂ ਹੀ ਹੋਵੇਗਾ ਅਤੇ ਗੇਟ ‘ਤੇ ਹੀ ਨਮੀ ਦੀ ਜਾਂਚ ਸਮੇਤ, ਸੈਨੇਟਾਈਜ਼ਰ ਅਤੇ ਮਾਸਕ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਦੇ ਨੋਟੀਫਾਈ ਖੇਤਰ ‘ਚ ਖਰੀਦ ਕੇਂਦਰ ਬਸੰਤਪੁਰਾ ਅਤੇ ਪੱਬਰੀ ਵੀ ਆਉਂਦੇ ਹਨ, ਉਥੇ ਵੀ ਮਾਰਕਿਟ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਮੰਡੀ ‘ਚ ਬਿਜਲੀ, ਪਾਣੀ ਤੇ ਸਾਫ਼ ਸਫ਼ਾਈ ਸਮੇਤ ਸਮਾਜਿਕ ਦੂਰੀ ਲਈ ਖਾਨੇ ਵੀ ਬਣਾਏ ਜਾ ਗਏ ਹਨ ਤਾਂ ਜੋ ਕਿਸਾਨ ਮਾਰਕ ਕੀਤੇ ਆਪਣੇ ਖਾਨੇ ‘ਚ ਹੀ ਫ਼ਸਲ ਨੂੰ ਸੁੱਟ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੀ ਸੁੱਕੀ ਫ਼ਸਲ ਹੀ ਆਪਣੇ ਆੜ੍ਹਤੀਆਂ ਨਾਲ ਤਾਲਮੇਲ ਕਰਕੇ ਅਤੇ ਪਾਸ ਨਾਲ ਹੀ ਮੰਡੀਆਂ ਵਿੱਚ ਲੈਕੇ ਆਉਣ ਤਾਂ ਕਿ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।