ਅੰਮਿ੍ਰਤਸਰ, 27 ਮਈ 2021 ਭਗਵਾਨ ਵਾਲਮੀਕ ਦੇ ਤੀਰਥ ਸਥਾਨ ਰਾਮਤੀਰਥ ਵਿਖੇ ਬਣੇ ਸਰੋਵਰ ਦੇ ਪਾਣੀ ਨੂੰ ਸਾਫ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਫਿਲਟਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਬੋਰਡ ਦੇ ਜਨਰਲ ਮੈਨੇਜਰ ਸ੍ਰੀ ਪੀ ਕੁਮਾਰ ਨੇ ਦੱਸਿਆ ਕਿ 23 ਅਕਤੂਬਰ 2020 ਨੂੰ ਬੋਰਡ ਦੀ ਹੋਈ ਮੀਟਿੰਗ ਵਿਚ ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ ਨੇ ਫਿਲਟਰ ਲਗਾਉਣ ਦੀ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰੱਖੀ ਸੀ, ਜਿਸ ਨੂੰ ਉਨਾਂ ਨੇ ਪ੍ਰਵਾਨ ਕਰ ਲਿਆ ਸੀ। ਉਨਾਂ ਦੱਸਿਆ ਕਿ ਕੱਲ੍ਹ ਫਿਲਟਰ ਲਗਾਉਣ ਦਾ ਕੰਮ ਰਸਮੀ ਤੌਰ ਉਤੇ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਛੇ ਮਹੀਨੇ ਵਿਚ ਪੂਰਾ ਹੋ ਜਾਵੇਗਾ ਅਤੇ ਇਸ ਉਤੇ ਕਰੀਬ 3.50 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨਾਂ ਕਿਹਾ ਕਿ ਇਸ ਕੰਮ ਵਿਚ ਸਹਾਇਕ ਸੈਕਟਰੀ ਸਭਿਆਚਾਰ ਵਿਭਾਗ ਸ੍ਰੀ ਸੰਜੈ ਕੁਮਾਰ ਨੇ ਨਿੱਜੀ ਦਿਲਚਸਪੀ ਲੈ ਕੇ ਸਾਰੀਆਂ ਜਰੂਰਤਾਂ ਪੂਰਆਂ ਕਰਵਾਈਆਂ ਅਤੇ ਇਸ ਕੰਮ ਲਈ ਜੋ ਥਾਂ ਚਾਹੀਦਾ ਸੀ, ਉਹ ਮਾਤਾ ਲਾਲ ਦੇਵੀ ਟਰੱਸਟ ਨੇ ਸ੍ਰੀ ਅਸ਼ੋਕ ਸੋਨੀ ਦੀ ਅਗਵਾਈ ਹੇਠ ਦਿੱਤੀ ਹੈ। ਉਨਾਂ ਕਿਹਾ ਕਿ ਇਹ ਫਿਲਟਰ ਲੱਗਣ ਨਾਲ ਸਰੋਵਰ ਦਾ ਪਾਣੀ ਸਦਾ ਸਾਫ ਰਹੇਗਾ।