ਨਸ਼ੇ ਛੱਡਕੇ ਆਪਣੇ ਪਰਿਵਾਰ ਦਾ ਸਹਾਰਾ ਬਣੇ ਨੌਜਵਾਨ ਨੇ ਹੋਰਨਾਂ ਨੂੰ ਵੀ ਨਸ਼ੇ ਦੀ ਅਲਾਮਤ ਤਿਆਗਣ ਦੀ ਕੀਤੀ ਅਪੀਲ
ਸਾਕੇਤ ਨਸ਼ਾ ਮੁਕਤੀ ਤੇ ਜ਼ਿਲ੍ਹਾ ਪੁਨਰਵਾਸ ਕੇਂਦਰ ਦੇ ਇਲਾਜ ਨੇ ਕੀਤਾ ਤੰਦਰੁਸਤ
ਪਟਿਆਲਾ, 24 ਜੂਨ 2021
ਮਾੜੀ ਸੰਗਤ ਕਰਕੇ ਨਸ਼ੇ ਦੀ ਲਤ ਦੇ ਸ਼ਿਕਾਰ ਹੋਏ ਨੌਜਵਾਨ ਦੀ ਜਿੰਦਗੀ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੇ ਬਦਲ ਦਿੱਤੀ ਹੈ। ਨਸ਼ਿਆਂ ਤੋਂ ਛੁਟਕਾਰਾ ਪਾ ਕੇ ਆਪਣੇ ਪਰਿਵਾਰ ਦਾ ਸਹਾਰਾ ਬਣੇ ਨੌਜਵਾਨ ਨੇ ਆਪਣੇ ਵਰਗੇ ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ੇ ਦੀ ਅਲਾਮਤ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਰੈਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਾਕੇਤ ਨਸ਼ਾ ਛੁਡਾਊ ਤੇ ਪੁਨਰ ਵਸੇਬਾ ਕੇਂਦਰ ਤੋਂ ਇਲਾਜ ਕਰਵਾ ਕੇ ਠੀਕ ਹੋਏ, ਇੱਕ ਨੌਜਵਾਨ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਆਰੰਭੀ ਨਸ਼ਾ ਛੁਡਾਊ ਮੁਹਿੰਮ ਨੇ ਉਸ ਨੂੰ ਮੁੜ ਤੋਂ ਜ਼ਿੰਦਗੀ ਪ੍ਰਦਾਨ ਕੀਤੀ ਹੈ। ਸਮਾਜ ਤੇ ਪਰਿਵਾਰ ਨਾਲੋਂ ਨਸ਼ੇ ਦੇ ਸੇਵਨ ਕਰਨ ਲੰਬਾ ਸਮਾਂ ਟੁੱਟੇ ਰਹੇ ਇਸ ਨੌਜੁਆਨ ਦਾ ਕਹਿਣਾ ਸੀ ਕਿ ਪਹਿਲਾਂ ਹਰ ਪਾਸੇ ਤੋਂ ਤਿਰਸਕਾਰ ਮਿਲਦਾ ਸੀ ਅਤੇ ਹੁਣ ਪਿਆਰ ਤੇ ਸਤਿਕਾਰ ਮਿਲਦਾ ਹੈ।
ਨੌਜਵਾਨ ਨੇ ਆਪਣੀ ਹੱਡ ਬੀਤੀ ਦੱਸਿਆ ਕਿਹਾ ਕਿ ‘ਕੈਮੀਕਲ ਨਸ਼ੇ ਸਰੀਰ ‘ਚ ਜਾਨ ਨਹੀਂ ਛੱਡਦੇ ਅਤੇ ਨਸ਼ੇ ਦੀ ਹਾਲਤ ‘ਚ ਜਿਥੇ ਕ੍ਰਾਈਮ ਹੋਣ ਦਾ ਡਰ ਰਹਿੰਦਾ ਹੈ, ਉਥੇ ਹੀ ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ, ਇਸ ਲਈ ਇਨ੍ਹਾਂ ਨੂੰ ਛੱਡਣ ‘ਚ ਹੀ ਭਲਾ ਹੈ ਤੇ ਜਿਵੇਂ ਨਸ਼ਿਆਂ ਨੂੰ ਨਾਂਹ ਕਹਿਣ ‘ਚ ਉਸਨੇ ਕਾਮਯਾਬੀ ਹਾਸਲ ਕੀਤੀ ਹੈ, ਉਸ ਤਰ੍ਹਾਂ ਹੋਰ ਨੌਜਵਾਨ ਵੀ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹਨ ਪਰ ਲੋੜ ਹੈ ਮਜ਼ਬੂਤ ਇੱਛਾ ਸ਼ਕਤੀ ਦੀ।’
ਪ੍ਰਾਜੈਕਟ ਡਾਇਰੈਕਟਰ ਪਰਵਿੰਦਰ ਕੌਰ ਮਨਚੰਦਾ ਦਾ ਕਹਿਣਾ ਹੈ ਕਿ ਨਸ਼ਾ ਛੁਡਵਾਉਣ ਲਈ ਇਕੱਲੀ ਦਵਾਈ ਹੀ ਨਹੀਂ ਬਲਕਿ ਹੋਰਨਾਂ ਸਾਧਨਾਂ ਰਾਹੀਂ ਉਸ ਦੀ ਸੋਚ ਅਤੇ ਵਿਹਾਰ ‘ਚ ਵੀ ਤਬਦੀਲੀ ਲਿਆਉਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਦਵਾਈ ਦੇ ਨਾਲ ਨਾਲ ਉਨ੍ਹਾਂ ਦੀ ਕਾਉਂਸਲਿੰਗ, ਯੋਗਾ, ਪ੍ਰਾਰਥਨਾ ਵੀ, ਉਨ੍ਹਾਂ ਨੂੰ ਨਸ਼ੇ ਦੀ ਦਲਦਲ ਤੋਂ ਦੂਰ ਲਿਜਾਣ ਚ ਕਾਮਯਾਬ ਸਿੱਧ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 25 ਸਾਲ ਦੇ ਕਰੀਅਰ ‘ਚ ਉਨ੍ਹਾਂ ਨੇ ਸੈਂਕੜੇ ਨੌਜੁਆਨਾਂ ਨੂੰ ਮੁੜ ਤੋਂ ਜ਼ਿੰਦਗੀ ਵੱਲ ਪਰਤਦੇ ਦੇਖਿਆ ਹੈ, ਜਿਸ ਵਿੱਚ ਸਰਕਾਰ, ਸਟਾਫ਼ ਅਤੇ ਨੌਜੁਆਨਾਂ ਦੀ ਦ੍ਰਿੜ ਸ਼ਕਤੀ ਬਰਾਬਰ ਦੀਆਂ ਭਾਈਵਾਲ ਹੁੰਦੀਆਂ ਹਨ।
ਰੈਡ ਕਰਾਸ ਨਸ਼ਾ ਮੁਕਤੀ ਤੇ ਜ਼ਿਲ੍ਹਾ ਪੁਨਰਵਾਸ ਕੇਂਦਰ, ਸਾਕੇਤ ਹਸਪਤਾਲ ਪਟਿਆਲਾ ਦੀ ਤਸਵੀਰ।