ਰੋਜਾਨਾ ਘੱਟੋਂ-ਘੱਟ ਕਰੋਨਾ ਪ੍ਰਭਾਵਿਤ 15 ਪਿੰਡਾਂ ਵਿਚ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਟੈਸਟਿੰਗ ਤੇ ਵੈਕਸੀਨੇਸ਼ਨ : ਡਿਪਟੀ ਕਮਿਸ਼ਨਰ

ਪਿੰਡਾਂ ਦੇ ਲੋਕਾਂ ਲਈ ਟੈਸਟਿੰਗ ਵਿਚ ਕੀਤੀ ਜਾਣ ਵਾਲੀ ਦੇਰੀ ਲੈ ਸਕਦੀ ਹੈ ਭਿਆਨਕ ਰੂਪ
ਕਰੋਨਾ ਟੈਸਟਿੰਗ ਟੀਮਾਂ ਸਮੇਂ-ਸਿਰ ਪਿੰਡਾਂ ਚ ਪੁੱਜਣਾ ਬਣਾਉਣ ਯਕੀਨੀ
#ਬਠਿੰਡਾ, 18 ਮਈ , 2021 : ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਰੋਜ਼ਾਨਾ ਕੀਤੀ ਜਾਣ ਵਾਲੀ ਇਸ ਰੀਵਿਊ ਮੀਟਿੰਗ ਦੌਰਾਨ ਉਨਾਂ ਜ਼ਿਲੇ ’ਚ ਕੋਵਿਡ ਨਾਲ ਸਬੰਧਤ ਅਤੇ ਇਸ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਸਮੂਹ ਗਤੀਵਿਧੀਆਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨਾਂ ਜ਼ਿਲੇ ’ਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਸਥਾਪਿਤ ਕੀਤੇ ਗਏ ਲੈਵਲ 2 ਤੇ ਲੈਵਲ 3 ਦੀ ਸਮਰੱਥਾ ਵਾਲੇ ਬੈੱਡਾਂ ਦੀ ਸਥਿਤੀ ਤੋਂ ਇਲਾਵਾ ਪੇਂਡੂ ਖੇਤਰ ਦੇ ਕਈ ਪਿੰਡਾਂ ਵਿਚ ਇਸ ਮਹਾਂਮਾਰੀ ਵਲੋਂ ਪਸਾਰੇ ਜਾ ਰਹੇ ਪੈਰਾਂ ਸਬੰਧੀ ਵਿਸ਼ੇਸ਼ ਵਿਚਾਰ-ਵਟਾਂਦਰਾਂ ਕਰਦਿਆਂ ਅਧਿਕਾਰੀਆਂ ਨੂੰ ਪਿੰਡਾਂ ਵਿਚ ਟੈਸਟਿੰਗ ਤੇ ਸੈਂਪਲਿੰਗ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰੀ ਖੇਤਰ ਤੋਂ ਇਲਾਵਾ ਪਿੰਡਾਂ ਵਿਚ ਵੀ ਵੱਡੀ ਪੱਧਰ ਤੇ ਕਰੋਨਾ ਵੈਕਸੀਨੇਸ਼ਨ ਤੇ ਟੈਸਟਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 70 ਫ਼ੀਸਦੀ ਪਾਜੀਟਿਵ ਕੇਸਾਂ ਦੀ ਦਰ ਪੇਂਡੂ ਖੇਤਰ ਤੋਂ ਪ੍ਰਾਪਤ ਹੋ ਰਹੀ ਹੈ ਤੇ ਇਸ ਦਾ ਮੁੱਖ ਕਾਰਨ ਇਹ ਹੈ ਕਿ ਪਿੰਡਾਂ ਨਾਲ ਸਬੰਧਤ ਆਮ ਲੋਕ ਆਪਣਾ ਕਰੋਨਾ ਟੈਸਟਿੰਗ ਦੇਰੀ ਨਾਲ ਕਰਵਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਪਿੰਡਾਂ ਵਿਚ ਜੰਗੀ ਪੱਧਰ ਤੇ ਕਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਲਈ ਸਬੰਧਤ ਐਸ.ਡੀ.ਐਮ., ਡੀ.ਐਸ.ਪੀਜ਼, ਬੀ.ਡੀ.ਪੀ.ਓਜ਼ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਆਧਾਰਤ ਸਾਂਝੀ ਕਮੇਟੀ ਨੂੰ ਘੱਟੋਂ-ਘੱਟ ਜ਼ਿਲ੍ਹੇ ਦੇ 15 ਪਿੰਡਾਂ ਵਿਚ ਪ੍ਰਤੀ ਦਿਨ ਤੇ ਪ੍ਰਤੀ ਪਿੰਡ 300 ਵਿਅਕਤੀਆਂ ਦੀ ਟੈਸਟਿੰਗ ਕਰਨੀ ਲਾਜ਼ਮੀ ਬਣਾਉਣ ਲਈ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਕਰੋਨਾ ਟੈਸਟਿੰਗ ਟੀਮਾਂ ਸਵੇਰੇ 10 ਵਜੇ ਤੱਕ ਪਿੰਡਾਂ ਵਿਚ ਹਰ ਹਾਲ ਪਹੁੰਚਣਾ ਯਕੀਨੀ ਬਣਾਉਣ।
ਇਸ ਮੌਕੇ ਸਿਖਲਾਈ ਅਧੀਨ ਆਈ.ਏ.ਐਸ. ਸ਼੍ਰੀ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਐਸ.ਪੀ. ਮੇਜਰ ਸਿੰਘ, ਡਾ. ਯਾਦਵਿੰਦਰ ਸਿੰਘ, ਤਹਿਸੀਲਦਾਰ ਸ਼੍ਰੀ ਸੁਖਬੀਰ ਸਿੰਘ ਬਰਾੜ, ਕਰੋਨਾ ਸੈੱਲ ਦੇ ਜ਼ਿਲਾ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਡੀ.ਡੀ.ਪੀ.ਓ. ਮੈਡਮ ਨੀਰੂ ਗਰਗ, ਬੀ.ਡੀ.ਪੀ.ਓ. ਅਭਿਨਵ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Spread the love