ਨਵਾਂਸ਼ਹਿਰ, 29 ਜੂਨ 2021
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੀਤੀ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਗਾਰ ਪ੍ਰਾਪਤੀ (ਪਲੇਸਮੈਂਟ), ਰੋਜ਼ਗਾਰ ਲਈ ਲੋਨ ਪ੍ਰਾਪਤ ਕਰਨ ਜਾਂ ਕਿੱਤਾ ਸਿਖਲਾਈ ਲੈਣ ਸਬੰਧੀ ਰਜਿਸਟ੍ਰੇਸ਼ਨ ਕੈਂਪਾਂ ਦੀ ਸ਼ੁਰੂਆਤ ਜ਼ਿਲਾ ਹਸਪਤਾਲ ਨਵਾਂਸ਼ਹਿਰ ਤੋਂ 1 ਜੁਲਾਈ 2021 ਤੋਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ ਵਿਚ ਅਜਿਹੇ 7 ਕੈਂਪ ਲਗਾਏ ਜਾਣਗੇ, ਜਿਨਾਂ ਵਿਚ 18 ਤੋਂ 55 ਸਾਲ ਤੱਕ ਦੀ ਉਮਰ ਦੇ ਵਿਅਕਤੀ (ਇਸਤਰੀ ਤੇ ਪੁਰਸ਼) ਭਾਗ ਲੈ ਸਕਦੇ ਹਨ। ਉਨਾਂ ਦੱਸਿਆ ਕਿ 1 ਜੁਲਾਈ ਨੂੰ ਜ਼ਿਲਾ ਹਸਪਤਾਲ ਨਵਾਂਸ਼ਹਿਰ, 6 ਜੁਲਾਈ ਨੂੰ ਸਰਕਾਰੀ ਹਸਪਤਾਲ ਬੰਗਾ, 15 ਜੁਲਾਈ ਨੂੰ ਸਰਕਾਰੀ ਹਸਪਤਾਲ ਬਲਾਚੌਰ, 19 ਜੁਲਾਈ ਨੂੰ ਸਰਕਾਰੀ ਹਸਪਤਾਲ ਮੁਕੰਦਪੁਰ, 29 ਜੁਲਾਈ ਨੂੰ ਸਰਕਾਰੀ ਹਸਪਤਾਲ ਰਾਹੋਂ, 3 ਅਗਸਤ ਨੂੰ ਸਰਕਾਰੀ ਹਸਪਤਾਲ ਸੜੋਆ ਅਤੇ 10 ਅਗਸਤ ਨੂੰ ਸਰਕਾਰੀ ਹਸਪਤਾਲ ਕਾਠਗੜ ਵਿਖੇ ਇਹ ਕੈਂਪ ਲਗਾਏ ਜਾਣਗੇ। ਉਨਾ ਦੱਸਿਆ ਕਿ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾ ਹੋਵੇਗਾ। ਉਨਾ ਕਿਹਾ ਕਿ ਇਨਾਂ ਕੈਂਪਾਂ ਵਿਚ ਭਾਗ ਲੈਣ ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਇਕ ਸ਼ਨਾਖ਼ਤੀ ਕਾਰਡ ਅਤੇ ਜੇਕਰ ਕਿਸੇ ਪ੍ਰਕਾਰ ਦੀ ਯੋਗਤਾ ਹੈ ਤਾਂ ਉਸ ਦੇ ਸਰਟੀਫਿਕੇਟ ਨਾਲ ਲਿਆਂਦੇ ਜਾਣ। ਉਨਾਂ ਦੱਸਿਆ ਕਿ ਇਹ ਕੈਂਪ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਦੀ ਸਰਪ੍ਰਸਤੀ ਹੇਠ ਲਗਾਏ ਜਾਣਗੇ ਅਤੇ ਇਨਾਂ ਕੈਂਪਾਂ ਵਿਚ ਜ਼ਿਲਾ ਰੋਜ਼ਗਾਰ ਵਿਭਾਗ ਵੱਲੋਂ ਸਾਰੀ ਜਾਣਕਾਰੀ ਇਕੱਤਰ ਕਰਕੇ ਲਾਭਪਾਤਰੀਆਂ ਦੀ ਚੋਣ ਉਪਰੰਤ ਉਨਾਂ ਨੂੰ ਸਬੰਧਤ ਸਕੀਮਾਂ ਦਾ ਲਾਭ ਦਿਵਾਇਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲਾ ਕੁਆਰਡੀਨੇਟਰ ਵਿਵਹਾਰ ਪਰਿਵਰਤਨ ਮੰਗ ਗੁਰਪ੍ਰਸ਼ਾਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਰਜਿਸਟ੍ਰੇਸ਼ਨ ਕੈਂਪਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਤੇ ਹੋਰ।