ਲਾਕਡਾਊਨ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਮੁਕੱਦਮਾ ਦਰਜ

ਪੁਲਿਸ ਨੇ 791 ਦੇ ਕਰਵਾਏ ਕੋਵਿਡ ਟੈਸਟ, 41 ਦੇ ਕੀਤੇ ਚਲਾਨ
ਨਵਾਂਸ਼ਹਿਰ, 31 ਮਈ 2021
ਜ਼ਿਲੇ ਵਿਚ ਲਾਕਡਾਊਨ ਅਤੇ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਅੱਜ ਇਕ ਮੁਕੱਦਮਾ ਦਰਜ ਕੀਤਾ ਗਿਆ ਜਦਕਿ ਬਿਨਾਂ ਮਾਸਕ ਵਾਲੇ 791 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਉਣ ਤੋਂ ਇਲਾਵਾ 41 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਹਰਵਿੰਦਰ ਸਿੰਘ ਪੁੱਤਰ ਧਰੁਵ ਸਿੰਘ, ਵਾਸੀ ਰਾਜਪੂਤ ਮੁਹੱਲਾ, ਵਾਰਡ ਨੰਬਰ 8, ਬਲਾਚੌਰ ਖਿਲਾਫ਼ ਲਾਕਡਾਊਨ ਦੌਰਾਨ ਕਰਿਆਨੇ ਦੀ ਦੁਕਾਨ ਖੋਲਣ ਕਾਰਨ ਥਾਣਾ ਸਿਟੀ ਬਲਾਚੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਅੱਜ ਪੁਲਿਸ ਵੱਲੋਂ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਗੈਰ ਮਾਸਕ ਘੁੰਮਣ ਵਾਲੇ 791 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 41 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਦਿਖਾਉਣ ਅਤੇ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੇ ਸਮੇਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਸਾਂਝ ਕੇਂਦਰ ਦੀ ਮੀਡੀਆ ਵੈਨ ਅਤੇ ਥਾਣਿਆਂ ਦੇ ਮੁੱਖ ਅਫ਼ਸਰਾਂ ਵੱਲੋਂ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕੋਵਿਡ ਪ੍ਰਤੀ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।
ਬੰਗਾ ਵਿਖੇ ਮੈਡੀਕਲ ਟੀਮ ਦੁਆਰਾ ਕੋਵਿਡ ਟੈਸਟ ਕਰਵਾਉਂਦੀ ਹੋਈ ਥਾਣਾ ਬੰਗਾ ਦੀ ਪੁਲਿਸ ਪਾਰਟੀ।

Spread the love