ਗਰਮੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਕੀਤਾ ਸੁਚੇਤ
ਨਵਾਂਸ਼ਹਿਰ, 1 ਜੂਨ 2021
ਡਿਪਟੀ ਕਮਿਸ਼ਨਰ ਡਾ. ਸੇਨਾ ਅਗਰਵਾਲ ਨੇ ਪੈ ਰਹੀ ਸਖ਼ਤ ਗਰਮੀ ਦੌਰਾਨ ਲੂ (ਗਰਮ ਹਵਾ) ਤੋਂ ਬਚਣ ਲਈ ਜ਼ਿਲਾ ਵਾਸੀਆਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਗਰਮੀ ਦੇ ਇਸ ਮੌਸਮ ਵਿਚ ਅਸੀਂ ਕੋਵਿਡ ਦੇ ਨਾਲ-ਨਾਲ ਲੂ ਤੋਂ ਵੀ ਬਚਾਅ ਕਰਨਾ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਕੋਵਿਡ ਮਹਾਮਾਰੀ ਦੇ ਇਸ ਦੌਰ ਵਿਚ ਲੂ ਤੋਂ ਬਚਣ ਦੇ ਉਪਾਵਾਂ ਪ੍ਰਤੀ ਜਾਗਰੂਕ ਨਹੀਂ ਹੋਵਾਂਗੇ ਤਾਂ ਅਸੀਂ ਆਪਣੇ ਆਪ ਨੂੰ ਜ਼ੋਖਿਮ ਵਿਚ ਪਾ ਰਹੇ ਹੋਵਾਂਗੇ। ਉਨਾਂ ਕਿਹਾ ਕਿ ਲੂ ਤੋਂ ਬਚਾਅ ਲਈ ਜਿਥੇ ਵੱਖ-ਵੱਖ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਇੰਤਜ਼ਾਮਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਉਥੇ ਆਮ ਲੋਕਾਂ ਨੂੰ ਵੀ ਰੋਜ਼ਾਨਾ ਮੌਸਮ ਬਾਰੇ ਰੇਡੀਓ, ਟੀ. ਵੀ, ਅਖ਼ਬਾਰਾਂ ਅਤੇ ਸੰਚਾਰ ਦੇ ਹੋਰਨਾਂ ਸਾਧਨਾਂ ਰਾਹੀਂ ਤਾਪਮਾਨ ਅਤੇ ਗਰਮ ਹਵਾਵਾਂ ਬਾਰੇ ਜਾਣਕਾਰੀ ਰੱਖਣੀ ਪਵੇਗੀ। ਡਿਪਟੀ ਕਮਿਸ਼ਨਰ ਅਨੁਸਾਰ ਗਰਮੀ ਦੌਰਾਨ ਜੇ ਪਿਆਸ ਨਾ ਵੀ ਲੱਗੀ ਹੋਵੇ ਤਾਂ ਵੀ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸੇ ਤਰਾਂ ਹਵਾਦਾਰ, ਹਲਕੇ ਅਤੇ ਹਲਕੇ ਰੰਗਾਂ ਦੇ ਖਾਦੀ ਕੱਪੜੇ ਪਾਉਣ ਨੂੰ ਤਰਜੀਹ ਦਿੱਤੀ ਜਾਵੇ ਅਤੇ ਧੁੱਪ ਤੋਂ ਬਚਣ ਲਈ ਐਨਕਾਂ, ਛਤਰੀ, ਜੁੱਤੇ ਆਦਿ ਪਾਉਣ ਤੋਂ ਇਲਾਵਾ ਸਿਰ ਢੱਕ ਕੇ ਹੀ ਬਾਹਰ ਨਿਕਲਿਆ ਜਾਵੇ ਅਤੇ ਪਾਣੀ ਨਾਲ ਜ਼ਰੂਰ ਰੱਖਿਆ ਜਾਵੇ। ਜੇ ਕੋਈ ਬਾਹਰ ਕੰਮ ਕਰਨ ਜਾਂਦਾ ਹੈ ਤਾਂ ਉਹ ਆਪਣੇ ਸਰੀਰ ਨੂੰ ਚੰਗੀ ਤਰਾਂ ਢੱਕ ਕੇ ਜਾਵੇ। ਹੋਰਨਾਂ ਲੋਕਾਂ ਤੋਂ ਘੱਟੋ-ਘੱਟ ਇਕ ਮੀਟਰ ਦੀ ਦੂਰੀ ਰੱਖੀ ਜਾਵੇ। ਹੱਥਾਂ ਨੂੰ ਵਾਰ-ਵਾਰ ਸਾਬਣ ਤੇ ਪਾਣੀ ਨਾਲ ਧੋਤਾ ਜਾਵੇ। ਜੇਕਰ ਪਾਣੀ ਤੇ ਸਾਬਣ ਉਪਲਬੱਧ ਨਾ ਹੋਣ ਤਾਂ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਜਾਵੇ। ਘਰ ਦੇ ਹਰੇਕ ਮੈਂਬਰ ਵੱਲੋਂ ਵੱਖਰੇ ਤੋਲੀਏ ਦੀ ਵਰਤੋਂ ਕੀਤੀ ਜਾਵੇ ਅਤੇ ਇਨਾਂ ਨੂੰ ਸਮੇਂ-ਸਮੇਂ ’ਤੇ ਧੋਤਾ ਜਾਵੇ।
ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਓ. ਆਰ. ਐਸ ਘੋਲ, ਲੱਸੀ, ਤੋਰਾਨੀ (ਚੌਲਾਂ ਦਾ ਪਾਣੀ), ਨਿੰਬੂ ਪਾਣੀ, ਬਟਰ ਮਿਲਕ ਆਦਿ ਨੂੰ ਸਰੀਰਕ ਲੋੜ ਮੁਤਾਬਕ ਨਾਲ ਰੱਖਿਆ ਜਾਵੇ। ਉਨਾਂ ਕਿਹਾ ਕਿ ਲੂ ਲੱਗਣ ਦੇ ਲੱਛਣਾਂ ਜਿਵੇਂ ਕਮਜ਼ੋਰੀ, ਸੁਸਤੀ, ਸਿਰ ਦਰਦ, ਨਜ਼ਲਾ, ਪਸੀਨਾ ਅਤੇ ਦੌਰਿਆਂ ਆਦਿ ਤੋਂ ਪੀੜਤ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਨਾਂ ਕਿਹਾ ਕਿ ਇਕੱਲੇ ਇਨਸਾਨਾਂ ਹੀ ਨਹੀਂ ਬਲਕਿ ਪਸ਼ੂਆਂ ਨੂੰ ਵੀ ਲੂ ਤੋਂ ਬਚਾਉਣਾ ਜ਼ਰੂਰੀ ਹੈ, ਜਿਸ ਲਈ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਛਾਂਵੇਂ ਰੱਖਣ ਅਤੇ ਵੱਧ ਤੋਂ ਵੱਧ ਪਾਣੀ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਘਰਾਂ ਨੂੰ ਠੰਡੇ ਰੱਖਣ, ਪਰਦਿਆਂ ਦੀ ਵਰਤੋਂ ਕਰਨ ਅਤੇ ਰਾਤ ਨੂੰ ਖਿੜਕਿਆਂ ਖੋਲਣ ਨਾਲ ਗਰਮੀ ਤੋਂ ਬਚਾਅ ਹੋ ਸਕਦਾ ਹੈ। ਇਸੇ ਤਰਾਂ ਪੱਖੇ ਦੀ ਵਰਤੋਂ ਅਤੇ ਠੰਡੇ ਪਾਣੀ ਨਾਲ ਦਿਨ ’ਚ ਇਕ ਤੋਂ ਵੱਧ ਵਾਰ ਨਹਾ ਕੇ ਵੀ ਲੂ ਦੇ ਆਸਰ ਤੋਂ ਬਚਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਮਕਾਜ਼ ਵਾਲੀਆਂ ਥਾਵਾਂ ’ਤੇ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਠੰਡੇ ਪਾਣੀ ਦਾ ਪ੍ਰਬੰਧ ਕਰਨ, ਕਾਮਿਆਂ ਨੂੰ ਸਿੱਧੀ ਸੂਰਜੀ ਰੋਸ਼ਨੀ ਤੋਂ ਪਰਹੇਜ਼ ਕਰਨ, ਮੁਸ਼ੱਕਤੀ ਕੰਮ ਦਿਨ ਦੇ ਠੰਡੇ ਵੇਲੇ ’ਚ ਕਰਨ, ਆਊਟਡੋਰ ਗਤੀਵਿਧੀਆਂ ਲਈ ਅਰਾਮ ਦੇ ਪੜਾਵਾਂ ’ਚ ਵਾਧਾ ਕਰਨ ਅਤੇ ਗਰਭਵਤੀ ਮਹਿਲਾ ਕਾਮਿਆਂ ’ਤੇ ਵਧਦੇ ਤਾਪਮਾਨ ਵਿਚ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
ਉਨਾਂ ਲੂ ਤੋਂ ਬਚਣ ਲਈ ਕੁਝ ਨਾ ਕਰਨਯੋਗ ਗੱਲਾਂ ਬਾਰੇ ਵੀ ਸੁਝਾਵਾਂ ’ਤੇ ਅਮਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਨਾਂ ਵਿਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਖੜੇ ਕੀਤੇ ਵਾਹਨਾਂ ਵਿਚ ਨਾ ਛੱਡਣਾ, ਸਿਖ਼ਰਾਂ ਦੀ ਗਰਮੀ ਵਿਚ ਖਾਸ ਕਰ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ, ਗੂੜੇ, ਭਾਰੀ ਜਾਂ ਤੰਗ ਕੱਪੜੇ ਨਾ ਪਹਿਨਣਾ, ਤਾਪਮਾਨ ਵਧੇਰੇ ਹੋਣ ’ਤੇ ਮੁਸ਼ੱਕਤੀ ਕੰਮ ਤੋਂ ਗੁਰੇਜ਼ ਕਰਨਾ, ਤਾਪਮਾਨ ਦੇ ਵਾਧੇ ਦੇ ਸਮੇਂ ਵਿਚ ਖਾਣਾ ਪਕਾਉਣ ਤੋਂ ਗੁਰੇਜ਼ ਕਰਨਾ ਅਤੇ ਖਾਣਾ ਬਣਾਉਣ ਵਾਲੀ ਥਾਂ ਹਵਾਦਾਰ ਹੋਣਾ, ਅਲਕੋਹਲ, ਚਾਹ ਕੌਫ਼ੀ ਅਤੇ ਕਾਰਬੋਨੇਟਿਡ ਸਾਫ਼ਟ ਡਰਿੰਕਸ ਤੋਂ ਪਰਹੇਜ਼ ਕਰਨਾ ਅਤੇ ਵਧੇਰੇ ਪ੍ਰੋਟੀਨ ਯੁਕਤ, ਮਸਾਲੇਦਾਰ, ਤਲਿਆ ਅਤੇ ਬੇਹਾ ਖਾਣਾ ਖਾਣ ਤੋਂ ਬਚਾਅ ਰੱਖਣਾ ਆਦਿ ਸ਼ਾਮਲ ਹਨ। ਹੱਥ ਧੋਣ ਤੋਂ ਬਗੈਰ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹਿਆ ਜਾਵੇ।
ਉਨਾਂ ਕਿਹਾ ਕਿ ਇਸ ਮੌਸਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ। ਉਨਾਂ ਕਿਹਾ ਕਿ ਇਨਾਂ ਸਾਵਧਾਨੀਆਂ ਨਾਲ ਅਸੀਂ ਜਿਥੇ ਲੂ ਤੋਂ ਬਚਾਅ ਕਰ ਸਕਦੇ ਹਾਂ ਉਥੇ ਆਪਣੇ ਆਪ ਨੂੰ ਬਿਮਾਰ ਹੋਣ ਤੋਂ ਵੀ ਬਚਾਅ ਸਕਦੇ ਹਾਂ।