ਲੋਕਾਂ ਨੂੰ ਜਲਦ ਸਮਰਪਿਤ ਹੋਵੇਗਾ ਕਮਿਊਨਿਟੀ ਸੈਂਟਰ : ਸੁੰਦਰ ਸ਼ਾਮ ਅਰੋੜਾ

6.11 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਇਆ ਪ੍ਰਾਜੈਕਟ, 1000 ਵਿਅਕਤੀਆਂ ਦੇ ਇਕੱਠ ਦੀ ਸਮਰੱਥਾ
ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਮਿਊਨਿਟੀ ਸੈਂਟਰ ਆਮ ਲੋਕਾਂ ਲਈ ਹੋਵੇਗਾ ਲਾਹੇਵੰਦ

ਹੁਸ਼ਿਆਰਪੁਰ, 28 ਅਪ੍ਰੈਲ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਲਗਭਗ ਮੁਕੰਮਲ ਹੋ ਚੁੱਕੇ ਕਮਿਊਨਿਟੀ ਸੈਂਟਰ ਦਾ ਦੌਰਾ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਜਲਦ ਹੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ ਜਿਸ ਨਾਲ ਹੁਸ਼ਿਆਰਪੁਰ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਵੱਖ-ਵੱਖ ਸਮਾਗਮ ਕਰਵਾਉਣ ਲਈ ਵੱਡੀ ਸਹੂਲਤ ਮਿਲੇਗੀ।  ਉਨ੍ਹਾਂ ਕਿਹਾ ਕਿ ਅਤਿ-ਆਧੁਨਿਕ ਸਹੂਲਤਾਂ ਵਾਲੇ ਇਸ ਕਮਿਊਨਿਟੀ ਸੈਂਟਰ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਛੇਤੀ ਹੀ ਕੀਤੀ ਜਾਵੇਗੀ।
ਸਥਾਨਕ ਯੋਧਾ ਮੱਲ ਰੋਡ ’ਤੇ ਸਥਾਪਤ ਕੀਤੇ ਇਸ ਕਮਿਊਨਿਟੀ ਸੈਂਟਰ ਸਬੰਧੀ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਸਹੂਲਤ ਲਈ 6.11 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੈਂਟਰ ਤਿਆਰ ਕਰਵਾਇਆ ਗਿਆ ਹੈ ਜੋ ਕਿ ਮੌਜੂਦਾ ਸਮੇਂ ਦੇ ਮੁਤਾਬਕ ਹਰ ਲੋੜੀਂਦੀ ਸਹੂਲਤ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸੈਂਟਰ ਏਅਰ ਕੰਡੀਸ਼ਨ, 8 ਗੈਸਟ ਰੂਮ ਸਮੇਤ ਬਾਥਰੂਮ, ਵੱਡੇ ਜੈਨਰੇਟਰ, ਰੈਂਪ, ਔਰਤਾਂ ਤੇ ਪੁਰਸ਼ਾਂ ਲਈ ਵੱਖ-ਵੱਖ ਪਖਾਨੇ, ਲਾਅਨ, ਪਾਰਕਿੰਗ ਆਦਿ ਸਹੂਲਤਾਂ ਦੇ ਨਾਲ-ਨਾਲ 1000 ਵਿਅਕਤੀਆਂ ਦੇ ਇਕੱਠ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਸ਼ੁਰੂ ਹੋਣ ਨਾਲ ਸ਼ਹਿਰ ਵਿੱਚ ਆਮ ਲੋਕਾਂ ਨੂੰ ਪਰਿਵਾਰਕ ਅਤੇ ਹੋਰ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀ ਸਹੂਲਤ ਉਪਲਬੱਧ ਹੋ ਜਾਵੇਗੀ।
ਇਸ ਮੌਕੇ ਉਦਯੋਗ ਮੰਤਰੀ ਨਾਲ ਫਾਈਨਾਂਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਕੁਮਾਰ ਬਿੰਦੀ, ਸ਼ਾਦੀ ਲਾਲ, ਮਨਮੋਹਨ ਸਿੰਘ ਕਪੂਰ, ਅਨਿਲ ਕੁਮਾਰ, ਗੁਲਸ਼ਨ ਰਾਏ ਆਦਿ ਮੌਜੂਦ ਸਨ।

Spread the love