ਵਾਰਡ ਨੰ: 69 ਵਿਖੇ 12.50 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਟਿਊਬਵੈਲ ਦਾ ਕੀਤਾ ਉਦਘਾਟਨ
ਅੰਮ੍ਰਿਤਸਰ 21 ਅਗਸਤ 2021
ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵਲੋਂ ਰਾਜ ਦੇ ਲੋਕਾਂ ਨੂੰ ਸਿਹਤ,ਸਿੱਖਿਆ ਦੇ ਨਾਲ ਨਾਲ ਬੁਨਿਆਦੀ ਢਾਂਚੇ ਦੀਆਂ ਵੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦਿਆਂ ਵਿੱਚੋਂ 95 ਫੀਸਦੀ ਦੇ ਲਗਭੱਗ ਵਾਅਦੇ ਪੂਰੇ ਕਰ ਲਏ ਗਏ ਹਨ ਅਤੇ ਬਾਕੀ ਦੇ ਵਾਅਦੇ ਵੀ ਛੇਤੀ ਹੀ ਪੂਰੇ ਕਰ ਦਿੱਤੇ ਜਾਣਗੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਕੈਬਨਿਟ ਮੰਤਰੀ ਪੰਜਾਬ ਨੇ ਵਾਰਡ ਨੰ: 69 ਦੇ ਅਧੀਨ ਪੈਂਦੇ ਇਲਾਕੇ ਰੂਪ ਨਗਰ ਵਿਖੇ 12.50 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਕੀਤਾ। ਇਸ ਮੌਕੇ ਸ੍ਰੀ ਸੋਨੀ ਵਲੋਂ ਰੂਪ ਨਗਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ ਗਿਆ ਅਤੇ ਸਬੰਧਤ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਕੰਮ ਗੁਣਵੱਤਾ ਭਰਪੂਰ ਅਤੇ ਮਿਥੇ ਸਮੇਂ ਅੰਦਰ ਹੋਣੇ ਚਾਹੀਦੇ ਹਨ। ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪੋ ਆਪਣੇ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਨਿਗਰਾਨੀ ਖੁਦ ਕਰਨ ਅਤੇ ਇਸ ਵਿੱਚ ਭਾਗੀਦਾਰ ਵੀ ਬਣਨ। ਉਨਾਂ ਕਿਹਾ ਕਿ ਜੇਕਰ ਤੁਹਾਡੇ ਧਿਆਨ ਵਿਚ ਕੋਈ ਅਣਗਹਿਲੀ ਆਉਂਦੀ ਹੈ ਤਾਂ ਤੁਰੰਤ ਦੱਸਿਆ ਜਾਵੇ। ਇਸ ਮੌਕੇ ਸ੍ਰੀ ਸੋਨੀ ਵਲੋਂ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਇਨਾਂ ਸ਼ਿਕਾਇਤਾਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸ੍ਰੀ ਸੋਨੀ ਵਲੋਂ ਪਾਰਕ ਦਾ ਮੁਆਇਨਾ ਵੀ ਕੀਤਾ ਗਿਆ ਅਤੇ ਕਿਹਾ ਕਿ ਜਲਦ ਹੀ ਇਸ ਪਾਰਕ ਨੂੰ ਹੋਰ ਵਧੀਆ ਬਣਾਇਆ ਜਾਵੇਗਾ।
ਇਸ ਮੌਕੇ ਇਲਾਕੇ ਦੀ ਕੌਂਸਲਰ ਸ੍ਰੀਮਤੀ ਰੀਨਾ ਚੋਪੜਾ ਵਲੋਂ ਸ੍ਰੀ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨਾਂ ਹੁਣ ਇਸ ਇਲਾਕੇ ਦਾ ਵਿਕਾਸ ਹੋਇਆ ਹੈ ਉਹ ਪਹਿਲਾਂ ਕਦੇ ਵੀ ਨਹੀਂ ਹੋਇਆ ਹੈ। ਉਨਾਂ ਕਿਹਾ ਕਿ ਵਾਰਡ ਨੰ: 69 ਦੀਆਂ ਸਾਰੀਆਂ ਗਲੀਆਂ ਪਕੀਆਂ ਹੋ ਗਈਆਂ ਹਨ ਅਤੇ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਸਮੱਸਿਆ ਦਾ ਹੱਲ ਵੀ ਹੋ ਗਿਆ ਹੈ।
ਇਸ ਮੌਕੇ ਚੇਅਰਮੈਨ ਮਹੇਸ਼ ਖੰਨਾ, ਕੌਂਸਲਰ ਵਿਕਾਸ ਸੋਨੀ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਰਵੀ ਕਾਂਤ, ਸ੍ਰੀ ਰਾਮ ਪਾਲ, ਸ੍ਰੀ ਗੁੱਲੂ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਕੈਪਸ਼ਨ : ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਾਰਡ ਨੰ: 69 ਵਿਖੇ ਨਵੇਂ ਬਣੇ ਟਿਉਬਵੈਲ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਕੌਂਸਲਰ ਸ੍ਰੀਮਤੀ ਰੀਨਾ ਚੋਪੜਾ ਅਤੇ ਕੌਂਸਲਰ ਵਿਕਾਸ ਸੋਨੀ