ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੀਆਂ ਨੂੰ ਮੁਫ਼ਤ ਮੁਹੱਈਆ ਕੀਤੇ ਜਾਣਗੇ ਸੈਨੇਟਰੀ ਪੈਡ: ਅਰੁਨਾ ਚੌਧਰੀ

ਪੰਜਾਬ ਸਰਕਾਰ ਵੱਲੋਂ ਪ੍ਰੋਜੈਕਟ ‘ਉਡਾਣ’ ਦੀ ਸ਼ੁਰੂਆਤ
40.55 ਕਰੋੜ ਰੁਪਏ ਖਰਚ ਕਰੇਗੀ ਪੰਜਾਬ ਸਰਕਾਰ
ਜ਼ਮੀਨੀ ਪੱਧਰ ’ਤੇ ਮੁਹੱਈਆ ਕਰਾਇਆ ਜਾਵੇਗਾ ਯੋਜਨਾ ਦਾ ਲਾਭ: ਡਿਪਟੀ ਕਮਿਸ਼ਨਰ
ਫਾਜ਼ਿਲਕਾ, 28 ਮਈ 2021
ਪੰਜਾਬ ਸਰਕਾਰ ਵੱਲੋਂ ਅੱਜ ‘ਕੌਮਾਂਤਰੀ ਮਾਸਿਕ ਧਰਮ ਸਵੱਛਤਾ ਦਿਵਸ’ ਮੌਕੇ ਔਰਤਾਂ ਅਤੇ ਲੜਕੀਆਂ ਵਿਚ ਮਾਸਿਕ ਧਰਮ ਸਵੱਛਤਾ ਦੀ ਅਹਿਮੀਅਤ ਸਬੰਧੀ ਪਹਿਲਕਦਮੀ ਕਰਦਿਆਂ ‘ਉਡਾਣ’ ਪ੍ਰਾਜੈਕਟ ਦੀ ਸ਼ੁਰੂਆਤ ਇਕ ਵਰਚੂਅਲ ਸਮਾਗਮ ਦੌਰਾਨ ਕੀਤੀ। ਇਸ ਪ੍ਰੋਜੈਕਟ ਤੇ ਪੰਜਾਬ ਸਰਕਾਰ ਸਾਲਾਨਾ ਅੰਦਾਜ਼ਨ 40.55 ਕਰੋੜ ਰੁਪਏ ਖਰਚ ਕਰੇਗੀ।
ਇਸ ਸਬੰਧੀ ਵਰਚੂਅਲ ਪ੍ਰੋਗਰਾਮ ਦੌਰਾਨ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ‘ਉਡਾਣ’ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਹਰ ਲਾਭਪਾਤਰੀ ਨੂੰ ਹਰ ਮਹੀਨੇ 9 ਸੈਨੇਟਰੀ ਪੈਡ ਮੁਹੱਈਆ ਕਰਾਏ ਜਾਣਗੇ।
ਇਸ ਮੌਕੇ ਸ੍ਰੀਮਤੀ ਚੌਧਰੀ ਨੇ ਆਖਿਆ ਕਿ ਔਰਤਾਂ ਦੇ ਸ਼ਕਤੀਕਰਨ ਲਈ ਵਚਨਬੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਮਾਣ-ਸਤਿਕਾਰ ਨਾਲ ਜ਼ਿੰਦਗੀ ਜਿਊਣ ਦਾ ਮੌਕਾ ਦੇਣ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤਹਿਤ ਆਂਗਨਵਾੜੀ ਵਰਕਰਾਂ ਰਾਹੀਂ ਔਰਤਾਂ ਨੂੰ ਸੈਨੇਟਰੀ ਨੈਪਕਿਨਾਂ ਦੀ ਵੰਡ ਯਕੀਨੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਇਸ ਨਾਲ ਔਰਤਾਂ ਨੂੰ ਮਾਸਿਕ ਧਰਮ ਸਮੇਂ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਆਤਮ-ਵਿਸ਼ਵਾਸ ਤੇ ਮਾਣ ਨਾਲ ਜਿਉਣ ਦਾ ਹੌਸਲਾ ਮਿਲੇਗਾ ਅਤੇ ਉਹ ਨਿੱਜੀ ਸਫ਼ਾਈ ਦੇ ਮਹੱਤਵ ਨੂੰ ਸਮਝਣਗੀਆਂ।
ਇਸ ਪ੍ਰਾਜੈਕਟ ਤਹਿਤ ਸਕੂਲ ਛੱਡ ਚੁੱਕੀਆਂ ਲੜਕੀਆਂ ਜਾਂ ਕਾਲਜ ਨਾ ਪੜਨ ਵਾਲੀਆਂ ਲੋੜਵੰਦ ਲੜਕੀਆਂ, ਬੀਪੀਐਲ ਪਰਿਵਾਰਾਂ ਦੀਆਂ ਔਰਤਾਂ, ਝੁੱਗੀਆਂ ਝੌਂਪੜੀਆਂ ਵਿਚ ਰਹਿਣ ਵਾਲੀਆਂ ਔਰਤਾਂ, ਟੱਪਰੀਵਾਸ ਪਰਿਵਾਰਾਂ ਦੀਆਂ ਔਰਤਾਂ ਤੇ ਹੋਰ ਸਕੀਮਾਂ ਅਧੀਨ ਨਾ ਆਉਣ ਵਾਲੀਆਂ ਲੋੜਵੰਦ ਮਹਿਲਾਵਾਂ ਨੂੰ ਲਿਆਂਦਾ ਜਾਵੇਗਾ। ਉਨਾਂ ਦੱਸਿਆ ਕਿ ਸੂਬੇ ਦੇ 27,314 ਆਂਗਣਵਾੜੀ ਸੈਂਟਰ ਹਨ ਤੇ ਹਰ ਸੈਂਟਰ ਵਿਚ 50 ਲਾਭਪਾਤਰੀ ਪਛਾਣੇ ਜਾਣਗੇ ਤੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਇਸ ਤੋਂ ਵੱਧ ਲਾਭਪਾਤਰੀਆਂ ਨੂੰ ਵੀ ਲਾਭ ਮਿਲੇਗਾ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿੱਥੇ 6ਵੀਂ ਤੋਂ 12ਵੀਂ ਦੀਆਂ ਬੱਚੀਆਂ ਨੂੰ ਸਿੱਖਿਆ ਵਿਭਾਗ ਸੈਨੇਟਰੀ ਪੈਡ ਮੁਹੱਈਆ ਕਰਾ ਰਿਹਾ ਹੈ, ਉਥੇ 7 ਜ਼ਿਲਿਆਂ ’ਚ ਸਿਹਤ ਵਿਭਾਗ ਅਧੀਨ ਵੀ ਇਹ ਸੇਵਾ ਦਿੱਤੀ ਜਾ ਰਹੀ ਹੈ।
ਉਨਾਂ ਆਖਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਅਨੇਕਾਂ ਸਕੀਮਾਂ ਔਰਤਾਂ ਦੇ ਹਿੱਤਾਂ ਲਈ ਲਿਆਂਦੀਆਂ ਗਈਆਂ ਹਨ, ਜਿਨਾਂ ਵਿਚ ਮੁਫਤ ਬੱਸ ਸੇਵਾ ਵੀ ਸ਼ਾਮਲ ਹੈ, ਜਿਸ ਦਾ ਲਾਭ 1 ਕਰੋੜ 31 ਲੱਖ ਔਰਤਾਂ ਨੂੰ ਹੋਵੇਗਾ। ਇਸ ਤੋਂ ਇਲਾਵਾ ਲੜਕੀਆਂ ਨੂੰ ਸਰਕਾਰੀ ਨੌਕਰੀਆਂ ਵਿਚ 33 ਫੀਸਦੀ ਰਾਖਵਾਂਕਰਨ ਤੇ ਸਥਾਨਕ ਸਰਕਾਰਾਂ ਤੇ ਪੰਚਾਇਤੀ ਚੋਣਾਂ ਵਿਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ।
ਇਸ ਮੌਕੇ ਜ਼ਿਲਾ ਸਦਮ ਮੁਕਾਮ ਤੋਂ ਵਰਚੁਅਲ ਪ੍ਰੋਗਰਾਮ ਵਿਚ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਕਿਹਾ ਕਿ ਔਰਤ ਪੱਖੀ ਇਸ ਸਕੀਮ ਨੂੰ ਜ਼ਿਲੇ ਵਿਚ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਪੱਧਰ ਤੇ ਵੀ ਪੈਡ ਵੰਡ ਕੇ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਚੇਅਰਪਰਸਨ ਜ਼ਿਲਾ ਪ੍ਰੀਸ਼ਦ ਸ੍ਰੀਮਤੀ ਮਮਤਾ ਰਾਣੀ, ਡਾ: ਜੰਯਤੀ ਗਰੋਵਰ, ਜ਼ਿਲਾ ਪ੍ਰੋਗਰਾਮ ਅਫਸਰ ਹਰਦੀਪ ਕੌਰ, ਡੀਸੀਪੀਓ ਸ੍ਰੀਮਤੀ ਰੀਤੂ ਤੇ ਹੋਰ ਹਾਜ਼ਰ ਸਨ।

Spread the love