ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਲਾਗੂ

Mr. Satwant Singh
Shri Satwant Singh
ਹੈਵੀ ਲੋਡਿੰਗ ਵਾਹਨ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੀ ਹੋ ਸਕਦੇ ਹਨ ਬਾਜ਼ਾਰ ਅੰਦਰ ਦਾਖ਼ਲ

ਜੇਲ੍ਹ ਦੇ 500 ਮੀਟਰ ਦੇ ਘੇਰੇ ਨੂੰ ‘ਨੋ ਡਰੋਨ ਜ਼ੋਨ’ ਐਲਾਨਿਆ

ਬਰਨਾਲਾ, 31 ਜਨਵਰੀ 2024

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਸਤਵੰਤ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਸ਼ਹਿਰ ਦੇ ਸਦਰ ਬਾਜ਼ਾਰ/ਫਰਵਾਹੀ ਬਾਜ਼ਾਰ/ਹੰਡਿਆਇਆ ਬਾਜ਼ਾਰ ਅਤੇ ਕੱਚਾ ਕਾਲਜ ਰੋਡ/ਪੱਕਾ ਕਾਲਜ ਰੋਡ ਉਪਰ ਕਿਸੇ ਕਿਸਮ ਦਾ ਸਾਮਾਨ ਆਪਣੀ ਮਾਲਕੀ ਦੀ ਹੱਦ ਤੋਂ ਬਾਹਰ ਨਾ ਰੱਖਿਆ ਜਾਵੇ। ਸਦਰ ਬਾਜ਼ਾਰ ਵਿੱਚ ਕਿਸੇ ਵੀ ਕਿਸਮ ਦਾ ਫੋਰ-ਵੀਲਰ ਦਾਖ਼ਲ ਨਾ ਕੀਤਾ ਜਾਵੇ ਅਤੇ ਬਾਜ਼ਾਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਫੋਰ-ਵੀਲਰ ਦੀ ਪਾਰਕਿੰਗ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਕੀਤੀ ਜਾਵੇ। ਉਨ੍ਹਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਫਰਵਾਹੀ ਅਤੇ ਹੰਡਿਆਇਆ ਬਾਜ਼ਾਰ ਵਿੱਚ ਫੋਰ-ਵੀਲਰ ਦੀ ਪਾਰਕਿੰਗ, ਪਾਰਕਿੰਗ ਲਾਈਨਾਂ ਦੇ ਅੰਦਰ ਹੀ ਕੀਤੀ ਜਾਵੇ। ਸਾਰੇ ਬਾਜ਼ਾਰਾਂ ਵਿੱਚ ਲੋਡਿੰਗ ਵਹੀਕਲਜ਼, ਟਰੈਕਟਰ ਟਰਾਲੀਆਂ, ਟੈਂਪੂਆਂ, ਟਾਟਾ 407, ਹੈਵੀ ਟਰੱਕਾਂ ਆਦਿ ਦੇ ਦਾਖ਼ਲ ਹੋਣ ਦਾ ਸਮਾਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਦਿਨ ਦੇ ਬਾਕੀ ਸਮੇਂ ਇਨ੍ਹਾਂ ਵਾਹਨਾਂ ਦੇ ਦਾਖ਼ਲ ਹੋਣ ’ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ।

ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਸਥਿਤ ਜ਼ਿਲ੍ਹਾ ਜੇਲ੍ਹ ਦੇ ਆਲੇ-ਦੁਆਲੇ ਦੇ 500 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਜਨਤਕ ਜਾਂ ਪ੍ਰਾਈਵੇਟ ਸਥਾਨ ’ਤੇ ਡਰੋਨ ਦੀ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ ਤੇ ਜੇਲ੍ਹ ਦੇ ਆਲੇ-ਦੁਆਲੇ ਦੇ 500 ਮੀਟਰ ਘੇਰੇ ਨੂੰ ‘ਨੋ ਡਰੋਨ ਜ਼ੋਨ’ ਐਲਾਨਿਆ ਗਿਆ ਹੈ।

ਉਪਰੋਕਤ ਹੁਕਮ 27 ਮਾਰਚ 2024 ਤੱਕ ਲਾਗੂ ਰਹਿਣਗੇ।

Spread the love