ਵਧੀਕ ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਨਵਾਂਸ਼ਹਿਰ, 5 ਅਗਸਤ 2021 ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਸਰਕਾਰੀ ਆਈ. ਟੀ. ਆਈ ਨਵਾਂਸ਼ਹਿਰ ਵਿਖੇ ਹੋਣ ਵਾਲੇ ਜ਼ਿਲਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਵਿਚ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਉਨਾਂ ਦੱਸਿਆ ਕਿ ਸਮਾਗਮ ਸਬੰਧੀ 10, 11 ਅਤੇ 12 ਅਗਸਤ ਨੂੰ ਰਿਹਰਸਲਾਂ ਹੋਣਗੀਆਂ ਅਤੇ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਹੋਵੇਗੀ। ਉਨਾਂ ਦੱਸਿਆ ਕਿ ਇਸ ਦੌਰਾਨ ਸ਼ਾਨਦਾਰ ਪਰੇਡ ਅਤੇ ਮਾਰਚ ਪਾਸਟ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਉਨਾਂ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਖੇਤਰਾਂ ਵਿਚ ਨਾਮਣਾ ਹਾਸਲ ਕਰਨ ਵਾਲੀਆਂ ਸ਼ਖਸੀਅਤਾਂ ਅਤੇ ਵਿਸ਼ੇਸ਼ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨਾਂ ਪਰੇਡ ਦੀ ਰਿਹਰਸਲ, ਸਟੇਜ ਦੀ ਸਜਾਵਟ, ਗਰਾਊਂਡ ਦੀ ਸਾਫ਼-ਸਫ਼ਾਈ, ਨਿਰਵਿਘਨ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਸਵਾਗਤੀ ਗੇਟ, ਪਬਲਿਕ ਐਡਰੈੱਸ ਸਿਸਟਮ, ਸ਼ਾਮਿਆਨਾ, ਰਿਕਵਰੀ ਵੈਨ, ਫਾਇਰ ਟੈਂਡਰ, ਚੌਕਾਂ ਦੀ ਸਜਾਵਟ, ਰਿਫਰੈਸ਼ਮੈਂਟ, ਬੈਰੀਕੇਡਿੰਗ, ਸੁਰੱਖਿਆ ਪ੍ਰਬੰਧਾਂ, ਬੈਠਣ ਦੇ ਪ੍ਰਬੰਧਾਂ, ਮੈਡੀਕਲ ਸਹਾਇਤਾ ਅਤੇ ਸੁਚਾਰੂ ਆਵਾਜਾਈ ਆਦਿ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਰਾਸ਼ਟਰੀ ਤਿਉਹਾਰ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਉਨਾਂ ਨੂੰ ਸੌਂਪੀਆਂ ਗਈਆਂ ਜਿੰਮੇਵਾਰੀਆਂ ਨੂੰ ਨਿੱਜੀ ਦਿਲਚਸਪੀ ਲੈਂਦੇ ਹੋਏ ਮਿਹਨਤ ਤੇ ਲਗਨ ਨਾਲ ਪੂਰਾ ਕਰਨ। ਉਨਾਂ ਇਹ ਵੀ ਕਿਹਾ ਕਿ ਸਮੁੱਚੇ ਸਮਾਗਮ ਦੌਰਾਨ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਸਹਾਇਕ ਕਮਿਸ਼ਨਰ ਅਨਿਲ ਗੁਪਤਾ, ਤਹਿਸੀਲਦਾਰ ਬਲਜਿੰਦਰ ਸਿੰਘ, ਡੀ. ਐਸ. ਪੀ ਲਖਵੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ:-ਆਈ. ਟੀ. ਆਈ ਗਰਾਊਂਡ ਨਵਾਂਸ਼ਹਿਰ ਵਿਖੇ ਆਜ਼ਾਦੀ ਦਿਹਾੜੇ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ। ਨਾਲ ਹਨ ਐਸ. ਡੀ. ਐਮ ਨਵਾਂਸ਼ਹਿਰ ਸ. ਜਗਦੀਸ਼ ਸਿੰਘ ਜੌਹਲ, ਸਹਾਇਕ ਕਮਿਸ਼ਨਰ ਅਨਿਲ ਗੁਪਤਾ ਤੇ ਹੋਰ।
ਆਈ. ਟੀ. ਆਈ ਗਰਾਊਂਡ ਵਿਚ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ।

Spread the love