ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਬਾਇਓਮੈਟਿ੍ਰਕ ਮਸ਼ੀਨਾਂ ਦੀ ਵੰਡ

ਨਵਾਂਸ਼ਹਿਰ, 26 ਅਗਸਤ 2021 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਵੱਲੋਂ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਚੱਲ ਰਹੀ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਸਕੀਮ ਤਹਿਤ ਬੈਂਕਾਂ ਅਤੇ ਕਾਮਨ ਸਰਵਿਸ ਸੈਟਰਾਂ (ਸੀ. ਐਚ. ਸੀ) ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਸਵੈ ਸਹਾਇਤਾ ਸਮੂਹਾਂ (ਸੈਲਫ ਹੈਲਪ ਗਰੁੱਪਾਂ) ਨੂੰ ਦਿਵਾਉਣ ਲਈ 10 ਬਾਇਓਮੈਟਿ੍ਰਕ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਉਨਾਂ ਦੱਸਿਆ ਕਿ ਹੁਣ ਬਿਜ਼ਨਸ ਕੋਰਸਪੋਂਡੈਂਟ ਸਖੀਆਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਇਨਾਂ ਮਸ਼ੀਨਾਂ ਨਾਲ ਡਿਜੀਟਲ ਕੰਮ ਕਰ ਸਕਦੀਆਂ ਹਨ ਅਤੇ ਸੈਲਫ ਹੈਲਪ ਗਰੁੱਪਾਂ ਦੀਆਂ ਡਿਜੀਟਲ ਟਰਾਂਜ਼ੈਕਸ਼ਨਾਂ, ਪਾਸਪੋਰਟ ਬਣਵਾਉਣਾ, ਬੈਂਕ ਖਾਤਾ ਖੁੱਲਵਾਉਣਾ, ਆਯੂਸ਼ਮਾਨ ਭਾਰਤ ਬੀਮਾ ਅਤੇ ਪੈਨਸ਼ਨ ਸਮੇਤ 45 ਤਰਾਂ ਦੀਆਂ ਸੇਵਾਵਾਂ ਨਿਭਾਅ ਸਕਦੀਆਂ ਹਨ। ਉਨਾਂ ਕਿਹਾ ਕਿ ਇਹ ਉਪਕਰਨ, ਯੋਗ ਲਾਭਪਾਤਰੀਆਂ ਨੂੰ ਬੈਂਕਾਂ ਅਤੇ ਕਾਮਨ ਸਰਵਿਸ ਸੈਂਟਰਾਂ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦਿਵਾਉਣ ਵਿਚ ਲਾਹੇਵੰਦ ਸਾਬਿਤ ਹੋਣਗੇ। ਇਸ ਉਪਰੰਤ ਸੀ. ਐਸ. ਸੀ ਦੇ ਜ਼ਿਲਾ ਮੈਨੇਜਰ ਰਵਿੰਦਰ ਕੁਮਾਰ ਵੱਲੋਂ ਬਿਜ਼ਨਸ ਸਖੀਆਂ ਨੂੰ ਇਨਾਂ ਉਪਕਰਨਾਂ ਦੀ ਵਰਤੋਂ ਸਬੰਧੀ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ। ਇਸ ਮੌਕੇ ਪੀ. ਐਸ. ਆਰ. ਐਲ. ਐਮ ਸਟਾਫ ਦੇ ਕਰਮਚਾਰੀ ਡੀ. ਪੀ. ਐੱਮ ਇੰਦਰਜੀਤ ਕੌਰ, ਬੀ. ਪੀ. ਐੱਮ ਸੰਦੀਪ ਕੁਮਾਰ, ਕਲੱਸਟਰ ਕੋਆਰਡੀਨੇਟਰ ਰਾਧਿਕਾ, ਵਰਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਕੈਪਸ਼ਨ :-ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਬਾਇਓਮੈਟਿ੍ਰਕ ਮਸ਼ੀਨਾਂ ਦੀ ਵੰਡ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ।

Spread the love