ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਜਨਰਲ ਡਿਊਟੀ ਅਸਿਸਟੈਂਟ ਕੋਰਸ ਦੀ ਸ਼ੁਰੂਆਤ

ਕਿਹਾ, ਇਸ ਉਪਰਾਲੇ ਦਾ ਉਦੇਸ਼ ਕੋਵਿਡ ਯੋਧਿਆਂ ਨੂੰ ਹੁਨਰਮੰਦ ਅਤੇ ਨਿਪੁੰਨ ਬਣਾਉਣਾ
ਜਲੰਧਰ, 20 ਅਗਸਤ 2021
ਕੋਵਿਡ ਯੋਧਿਆਂ ਨੂੰ ਹੁਨਰਮੰਦ ਅਤੇ ਨਿਪੁੰਨ ਬਣਾਉਣ ਦੇ ਉਦੇਸ਼ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਵੱਲੋਂ ਅੱਜ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3.0 ਤਹਿਤ ਜਨਰਲ ਡਿਊਟੀ ਅਸਿਸਟੈਂਟ ਕੋਰਸ ਦੀ ਸ਼ੁਰੂਆਤ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿਖੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਜਨਰਲ ਡਿਊਟੀ ਅਸਿਸਟੈਂਟ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਅਤੇ ਕੁਲ 40 ਸਿਖਿਆਰਥੀ ਇਸ ਕਰੈਸ਼ ਕੋਰਸ ਦਾ ਲਾਭ ਲੈ ਰਹੇ ਹਨ ।ਇਨ੍ਹਾਂ ਵਿੱਚ ਕੁੱਲ 18 ਸਿਖਿਆਰਥੀ 21 ਦਿਨ ਦੀ ਸਿਖਲਾਈ ਲੈਣ ਉਪਰੰਤ ਸਿਵਲ ਹਸਪਤਾਲ, ਜਲੰਧਰ ਵਿਖੇ 90 ਦਿਨ ਲਈ ਆਨ ਜਾਬ ਟ੍ਰੇਨਿੰਗ ਲੈ ਰਹੇ ਹਨ, ਜਿਨ੍ਹਾਂ ਨੂੰ ਟ੍ਰੇਨਿੰਗ ਲੈਣ ਉਪਰੰਤ ਜਲੰਧਰ ਵਿਖੇ ਹਸਪਤਾਲਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਕੋਰੋਨਾ ਯੋਧੇ ਆਉਣ ਵਾਲੇ ਸਮੇਂ ਵਿੱਚ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਵਿੱਚ ਸਹਾਈ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਸਿਹਤ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਸਰਕਾਰ ਵੱਲੋਂ ਇਸ ਸਿਖਲਾਈ ਦੀ ਸ਼ੁਰੂਆਤ ਕੀਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਜਿੱਥੇ ਉਮੀਦਵਾਰਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਉਥੇ ਇਸ ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਸਮਾਜ ਸੇਵਾ ਕਰਨ ਦਾ ਮੌਕਾ ਵੀ ਹਾਸਲ ਹੋਵੇਗਾ।

Spread the love