ਰਾਜਸੀ ਪਾਰਟੀਆਂ ਨੂੰ ਬੂਥ ਲੈਵਲ ਏਜੰਟ ਤਾਇਨਾਤ ਕਰਨ ਦੀ ਕੀਤੀ ਅਪੀਲ
ਗੁਰਦਾਸਪੁਰ, 9 ਸਤੰਬਰ ( ) ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਾਰੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਦੀ ਫਾਈਨਲ ਤਜਵੀਜ਼ ਭੇਜਣ ਤੋਂ ਪਹਿਲਾਂ ਸਮੂਹ ਰਾਸਜੀ ਪਾਰਟੀਆਂ ਦੇ ਸਹਿਮਤੀ/ਸੁਝਾਉ ਪ੍ਰਾਪਤ ਕਰਨ ਲਈ ਵਿਸ਼ੇਸ ਮੀਟਿੰਗ ਕੀਤੀ ਗਈ। ਜਿਸ ਵਿਚ ਸਮੂਹ ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਸਮੇਤ ਵੱਖ-ਵੱਖ ਪਾਰਟੀਆਂ ਦੇ ਪ੍ਰਤੀਨਿਧ ਮੌਜੂਦ ਸਨ।
ਆਪਣੇ ਦਫਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸੰਧੂ ਨੇ ਦੱਸਿਆ ਕਿ ਕਮਿਸ਼ਨ ਵਲੋਂ ਹਰ ਪਲਿੰਗ ਸਟੇਸ਼ਨ ਦੀ ਕਟਆਫ ਲਿਮਟ 1500 ਵੋਟਰ ਰੱਖੀ ਗਈ। ਇਸ ਲਿਮਟ ਤੋਂ ਉੱਪਰ ਦੇ ਵੋਟਰਾਂ ਲਈ ਅਲੱਗ ਪੋਲਿੰਗ ਸਟੇਸ਼ਨ ਸਥਾਪਿਤ ਕੀਤਾ ਜਾ ਸਕਦਾ ਹੈ ਜਾਂ ਉਸ ਏਰੀਏ ਦੇ ਨਾਲ ਲੱਗਦੇ ਦੂਜੇ ਪੋਲਿੰਗ ਸਟੇਸ਼ਨ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਵਲੋਂ ਪ੍ਰਾਪਤ ਹੋਈਆਂ ਤਜਵੀਜ਼ਾਂ ਅਨੁਸਾਰ ਚੋਣ ਹਲਕਾ 4-ਗੁਰਦਾਸਪੁਰ ਤੋਂ ਇਲਾਵਾ ਬਾਕੀ ਚੋਣ ਹਲਕਿਆਂ ਵਿਚ ਪੋਲਿੰਗ ਸਟੇਸ਼ਨਾਂ ਦੀ ਕਿਸੇ ਕਿਸਮ ਦੀ ਤਬਦੀਲੀ ਨਹੀਂ ਹੋਈ ਹੈ ਅਤੇ ਮੋਜੂਦਾ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਕੂਲ ਹਨ। ਵਿਧਾਨ ਸਭਾ ਹਲਕਾ –4 ਗੁਰਦਾਸਪੁਰ ਦੇ ਪੋਲਿੰਗ ਸਟੇਸ਼ਨ ਨੰਬਰ 78, 79 ਅਤੇ 94 ਦੀਆਂ ਵੋਟਾਂ 1500 ਤੋਂ ਵੱਧ ਹੋਣ ਕਾਰਨ ਨਾਲ ਲੱਗਦੇ ਪੋਲਿੰਗ ਸਟੇਸ਼ਨਾਂ ਵਿਚ ਸ਼ਿਫਟ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੇਂਡੂ ਖੇਤਰ ਵਿਚ 2 ਤੋਂ ਵੱਧ ਪੋਲਿੰਗ ਸਟੇਸ਼ਨ ਇਕ ਇਮਾਰਤ ਵਿਚ ਹੋਣ ਕਾਰਨ ਪੋਲਿੰਗ ਸਟੇਸ਼ਨ ਨੰਬਰ 10 ਦੀ ਇਮਾਰਤ ਤਬਦੀਲ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਜਿਲੇ ਅੰਦਰ ਕੁਲ 1475 ਪੋਲਿੰਗ ਸਟੇਸ਼ਨ ਹਨ। ਕੁਲ 12 ਲੱਖ 47 ਹਜ਼ਾਰ 429 ਵੋਟਰ ਹਨ। ਜਿਸ ਵਿਚੋਂ 6 ਲੱਖ 58 ਹਜ਼ਾਰ 11 ਪੁਰਸ਼ ਵੋਟਰ, 5 ਲੱਖ 89 ਹਜ਼ਾਰ 388 ਔਰਤ ਵੋਟਰ ਅਤੇ 30 ਥਰਡ ਜੈਂਡਰ ਵੌਟਰ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀ ਉਕਤ ਤਜਵੀਜ਼ਾਂ ਸਬੰਧੀ ਕੋਈ ਸੁਝਾਓ ਦੇਣਾ ਚਾਹੁੰਦੇ ਹਨ ਤਾਂ ਕਮਿਸ਼ਨ ਦੀਆਂ ਉਕਤ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਿਤੀ 10 ਸਤੰਬਰ 2020 ਨੂੰ ਬਾਅਦ ਦੁਪਹਿਰ 2 ਵਜੇ ਤਕ ਭੇਜੀ ਜਾਵੇ, ਤਾਂ ਜੋ ਫਾਈਨਲ ਤਜਵੀਜ਼ ਪ੍ਰਵਾਨਗੀ ਲਈ ਮੁੱਖ ਚੋਣ ਅਫਸਰ , ਪੰਜਾਬ ਨੂੰ ਭੇਜੀ ਜਾ ਸਕੇ।
ਉਨਾਂ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਧਿਆਨ ਕਿ ਲਿਆਂਦਾ ਕਿ ਭਾਰਤ ਚੋਣ ਕਮਿਸ਼ਨਰ ਵਲੋਂ ਯੋਗਤਾ ਮਿਤੀ 1-1-2021 ਤੇ ਆਧਾਰ ਤੇ ਵੌਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਦਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ 16 ਨਵੰਬਰ 2020 ਨੂੰ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ ਜਾਰੀ ਕੀਤੀ ਜਾਵੇਗੀ। 16 ਨਵੰਬਰ ਤੋਂ 15 ਦਸੰਬਰ 2020 ਤਕ ਸਵੀਪ ਪ੍ਰੋਗਰਾਮ, 21 ਨਵੰਬਰ ਤੇ 22 ਨਵੰਬਰ ਅਤੇ 5 ਤੇ 6 ਦਸੰਬਰ 2020 ਨੂੰ ਬੂਥ ਲੈਵਲ ਏਜੰਟ ਕੋਲੋ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। 5 ਜਨਵਰੀ 2021 ਤਕ ਦਾਅਵੇ ਤੇ ਇਤਰਾਜ਼ ਡਿਸਪੋਜ਼ ਕੀਤੇ ਜਾਣਗੇ। 10 ਜਨਵਰੀ 2021 ਨੂੰ ਡਾਟਾਬੇਸ ਅਪਡੇਟ ਕੀਤਾ ਜਾਵੇਗਾ, 14 ਜਨਵਰੀ 2021 ਤਕ ਵੋਟਰ ਸੂਚੀਆਂ ਦੀ ਪ੍ਰਿੰਟਿੰਗ ਕੀਤੀ ਜਾਵੇਗੀ ਅਤੇ 15 ਜਨਵਰੀ 2021 ਨੂੰ ਫਾਈਨਲ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਇਸ ਮੌਕੇ ਉਨਾਂ ਸਮੂਹ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਬੂਥ ‘ਤੇ ਬੂਥ ਲੈਵਲ ਏਜੰਟ ਤਾਇਨਾਤ ਕੀਤੇ ਜਾਣ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਸਕੇ।
ਇਸ ਮੌਕੇ ਰਮਨ ਕੋਛੜ ਐਸ.ਡੀ.ਐਮ ਦੀਨਾਨਗਰ, ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਡੇਰਾ ਬਾਬਾ ਨਾਨਕ/ਕਲਾਨੋਰ, ਅਰਵਿੰਦ ਸਲਵਾਨ ਤਹਿਸਲੀਦਾਰ ਗੁਰਦਾਸਪੁਰ, ਹਰਜਿੰਦਰ ਸਿੰਘ ਸੰਧੂ ਡੀਡੀਪੀਓ ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਕਾਨੂੰਗੋ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਗੁਰਵਿੰਦਰ ਲਾਲ ਜਿਲਾ ਜਨਰਲ ਸਕੱਤਰ ਕਾਂਗਰਸ ਪਾਰਟੀ, ਭਾਜਪਾ ਤੋਂ ਅਤੁਲ ਮਹਾਜਨ ਮੰਡਲ ਪ੍ਰਧਾਨ, ਆਪ ਤੋਂ ਭਾਰਤ ਭੂਸ਼ਣ ਅਤੇ ਕਸ਼ਮੀਰ ਸਿੰਘ ਵਾਹਲਾ, ਸਰਵਜਨ ਸਮਾਜ ਪਾਰਟੀ (ਡ) ਤੋਂ ਲਿਆਜਰ ਮਸੀਹ ਆਦਿ ਮੌਜੂਦ ਸਨ।